- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੂਸ-ਯੂਕਰੇਨ ਦੀ ਭਿਆਨਕ ਜੰਗ ਵਿੱਚ ਫਸਿਆ ਪਟਿਆਲਾ ਦਾ ਨੌਜਵਾਨ ਗਗਨਦੀਪ ਸਿੰਘ ਆਖ਼ਰਕਾਰ 9 ਮਹੀਨਿਆਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕ ਸੁਰੱਖਿਅਤ ਆਪਣੇ ਪਰਿਵਾਰ ਵਿੱਚ ਪਰਤ ਆਇਆ।

ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਰੂਸ-ਯੂਕਰੇਨ ਦੀ ਭਿਆਨਕ ਜੰਗ ਵਿੱਚ ਫਸਿਆ ਪਟਿਆਲਾ ਦਾ ਨੌਜਵਾਨ ਗਗਨਦੀਪ ਸਿੰਘ ਆਖ਼ਰਕਾਰ 9 ਮਹੀਨਿਆਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕ ਸੁਰੱਖਿਅਤ ਆਪਣੇ ਪਰਿਵਾਰ ਵਿੱਚ ਪਰਤ ਆਇਆ। ਗਗਨਦੀਪ ਸਿੰਘ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ।
ਇਸ ਮੌਕੇ ਉਸਨੇ ਜੰਗ ਦੌਰਾਨ ਹੰਢਾਏ ਦਿਲ ਦਹਿਲਾ ਦੇਣ ਵਾਲੇ ਪਲ ਸਾਂਝੇ ਕੀਤੇ । ਉਸਨੇ ਦੱਸਿਆ ਕਿ ਉਹ ਮਈ 2025 ਵਿੱਚ ਸਟੱਡੀ ਵੀਜ਼ੇ ’ਤੇ ਰੂਸ ਗਿਆ ਸੀ। ਸਤੰਬਰ 2025 ਵਿੱਚ ਉਸਨੂੰ ਇੱਕ ਸਾਥੀ ਵੱਲੋਂ ਦੋ ਲੱਖ ਰੁਪਏ ਮਹੀਨਾ ਤਨਖ਼ਾਹ ਦਾ ਲਾਲਚ ਦੇ ਕੇ ਧੋਖੇ ਨਾਲ਼ ਰੂਸੀ ਫ਼ੌਜ ਵਿੱਚ ਭਰਤੀ ਕਰਵਾ ਦਿੱਤਾ ਗਿਆ। ਥੋੜ੍ਹੀ ਜਿਹੀ ਟਰੇਨਿੰਗ ਤੋਂ ਬਾਅਦ ਉਸਨੂੰ ਰੂਸ-ਯੂਕਰੇਨ ਜੰਗ ਦੇ ਮੈਦਾਨ ਵਿੱਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਪਰਿਵਾਰ ਨਾਲ ਉਸਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ।
ਗਗਨਦੀਪ ਦੇ ਪਰਿਵਾਰ ਨੇ 20 ਜਨਵਰੀ 2026 ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ। ਸੰਤ ਸੀਚੇਵਾਲ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਦੇਸ਼ ਮੰਤਰਾਲੇ ਨੂੰ ਤਿੰਨ ਵਾਰ ਪੱਤਰ ਲਿਖੇ ਗਏ ਅਤੇ ਇੱਕ ਵਾਰ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਕੇ ਵੀ ਮਾਮਲਾ ਉਠਾਇਆ ਗਿਆ। ਇਸ ਤੋਂ ਇਲਾਵਾ ਉਹਨਾਂ ਵਲੋ ਪਾਰਲੀਮੈਂਟ ਵਿੱਚ ਵੀ ਰੂਸੀ ਫੌਜ ਵਿੱਚ ਫਸੇ ਭਾਰਤੀਆਂ ਦਾ ਮੁੱਦਾ ਉਠਾਇਆ ਗਿਆ। ਸੰਤ ਸੀਚੇਵਾਲ ਦੇ ਯਤਨਾਂ ਸਦਕਾ ਗਗਨਦੀਪ 26 ਅਗਸਤ 2026 ਨੂੰ ਸੁਰੱਖਿਅਤ ਭਾਰਤ ਆਪਣੇ ਪਰਿਵਾਰ ਕੋਲ ਪਰਤ ਆਇਆ।
ਗਗਨਦੀਪ ਨੇ ਦੱਸਿਆ ਕਿ ਜੰਗ ਦੌਰਾਨ ਉਹ ਯੂਕਰੇਨ ਦੇ ਅੰਦਰ ਰਾਜਧਾਨੀ ਕੀਵ ਤੱਕ ਪਹੁੰਚ ਗਿਆ ਸੀ। ਉੱਥੇ ਮਾਈਨਾਂ ਦੀ ਲਪੇਟ ਵਿੱਚ ਆ ਕੇ ਉਹ ਜ਼ਖਮੀ ਵੀ ਹੋ ਗਿਆ, ਜਿਸ ਤੋਂ ਬਾਅਦ ਉਸਨੂੰ ਪਿੱਛੇ ਭੇਜ ਦਿੱਤਾ ਗਿਆ। ਉਸਨੇ ਦੱਸਿਆ ਕਿ ਉੱਥੇ ਕੋਈ ਦਿਨ ਅਜਿਹਾ ਨਹੀਂ ਸੀ, ਜਿਸ ਦਿਨ ਮੌਤ ਨਾ ਦੇਖੀ ਹੋਵੇ। ਨਿਰਮਲ ਕੁਟੀਆ ਪਹੁੰਚੇ ਗਗਨਦੀਪ ਸਿੰਘ ਨੇ ਜੰਗ ਦੇ ਹਾਲਾਤ ਬਿਆਨ ਕਰਦਿਆਂ ਕਿਹਾ ਕਿ ਉਸਦੀ ਜ਼ਿੰਦਗੀ ਦਾ ਹਰ ਦਿਨ ਮੌਤ ਦੇ ਸਾਏ ਹੇਠ ਬੀਤਿਆ। ਚਾਰੇ ਪਾਸੇ ਗੋਲਾ-ਬਾਰੂਦ ਅਤੇ ਮੌਤ ਦਾ ਮੰਜ਼ਰ ਸੀ। ਉਸਨੇ ਦੱਸਿਆ ਕਿ ਕਈ ਵਾਰ ਤਾਂ ਪੂਰੇ ਦਿਨ ਵਿੱਚ ਸਿਰਫ਼ ਇੱਕ ਬਿਸਕੁਟ ਜਾਂ ਇੱਕ ਟੌਫੀ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਸੀ। ਉਸਨੇ ਕਿਹਾ ਕਿ ਵਾਪਸੀ ਦਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਸੀ ਅਤੇ ਨਾ ਹੀ ਜ਼ਿੰਦਾ ਪਰਤਣ ਦੀ ਕੋਈ ਉਮੀਦ ਸੀ। ਵਾਪਸ ਆਉਣ ਤੋਂ ਬਾਅਦ ਵੀ ਜੰਗ ਦੇ ਡਰ ਨੇ ਉਸਦਾ ਪਿੱਛਾ ਨਹੀਂ ਛੱਡਿਆ ਅਤੇ ਕਈ ਦਿਨਾਂ ਤੱਕ ਉਹ ਸੌਂ ਨਹੀਂ ਸਕਿਆ। ਉਸਨੇ ਕਿਹਾ ਕਿ ਅੱਜ ਵੀ ਉੱਥੋਂ ਦੇ ਹਾਲਾਤ ਯਾਦ ਕਰਕੇ ਉਹ ਅੰਦਰ ਤੱਕ ਕੰਬ ਜਾਂਦਾ ਹੈ।
ਗਗਨਦੀਪ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਸੰਤ ਬਲਬੀਰ ਸਿੰਘ ਸੀਚੇਵਾਲ ਉਸ ਨੂੰ ਬਚਾਉਣ ਦਾ ਯਤਨ ਨਾ ਕਰਦੇ ਤਾਂ ਸ਼ਾਇਦ ਹੀ ਉਹ ਜਿਊਂਦਾ ਆਪਣੇ ਪਰਿਵਾਰ ਵਿੱਚ ਪਰਤ ਕਦੇ ਆਉਂਦਾ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਰੂਸ-ਯੂਕਰੇਨ ਜੰਗ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਹਰ ਸੰਭਵ ਯਤਨ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਗਗਨਦੀਪ ਸਿੰਘ ਨੂੰ ਸੁਰੱਖਿਅਤ ਭਾਰਤ ਲਿਆਉਣ ਵਿੱਚ ਮਦਦ ਮਿਲੀ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਵਾਲੇ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨੌਕਰੀਆਂ ਦੇ ਨਾਂ ’ਤੇ ਹੋ ਰਹੇ ਗੁੰਮਰਾਹਕੁੰਨ ਪ੍ਰਚਾਰ ਅਤੇ ਖ਼ਤਰਨਾਕ ਲਾਲਚਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਵੱਲੋਂ ਵਿਦੇਸ਼ ਜਾਣ ਤੋਂ ਪਹਿਲਾਂ ਨੌਕਰੀ ਅਤੇ ਵੀਜ਼ੇ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਦੀ ਪੂਰੀ ਜਾਂਚ ਕਰਨੀ ਚਾਹੀਦੀ ਹੈ।
ਗਗਨਦੀਪ ਦੀ ਭੈਣ ਨੇ ਦੱਸਿਆ ਕਿ ਮਾਂ ਬਾਪ ਦੀ ਮੌਤ ਤੋਂ ਬਾਅਦ ਉਹੀ ਦੋ ਭੈਣਾਂ ਦਾ ਇਕਲੌਤਾ ਭਰਾ ਹੈ। ਉਸਦੀ ਵਾਪਸੀ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਗਗਨਦੀਪ ਦੀ ਭੈਣ ਨੇ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਭਾਵੁਕ ਹੋ ਕੇ ਧੰਨਵਾਦ ਕੀਤਾ। ਉਸਨੇ ਕਿਹਾ ਕਿ ਜਦੋਂ ਵੀ ਸੋਸ਼ਲ ਮੀਡੀਆ ’ਤੇ ਰੂਸ-ਯੂਕਰੇਨ ਜੰਗ ਵਿੱਚ ਫਸੇ ਭਾਰਤੀਆਂ ਜਾਂ ਉਨ੍ਹਾਂ ਨਾਲ ਵਾਪਰੀਆਂ ਘਟਨਾਵਾਂ ਦੀਆਂ ਖ਼ਬਰਾਂ ਸੁਣਦੇ ਸਨ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਸੀ। ਉਸਨੇ ਕਿਹਾ ਕਿ ਸੰਤ ਸੀਚੇਵਾਲ ਨੇ ਉਨ੍ਹਾਂ ਦੀ ਬਾਂਹ ਫੜੀ ਅਤੇ ਉਨ੍ਹਾਂ ਦੇ ਭਰਾ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਲਗਾਤਾਰ ਯਤਨ ਕੀਤੇ ।