- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਰਿਆਜੀਤ ਸਿੰਘ ਦਾ ਫੁੱਟਬਾਲ ਨਾਲ ਨਾਤਾ ਬਚਪਨ ਤੋਂ ਰਿਹਾ ਹੈ। ਦੂਨ ਸਕੂਲ ਵਿੱਚ ਪੜ੍ਹਾਈ ਦੌਰਾਨ ਉਹ ਕਈ ਸਾਲ ਸਕੂਲ ਦੀ ਫੁੱਟਬਾਲ ਟੀਮ ਦੇ ਕਪਤਾਨ ਰਹੇ। 10 ਤੋਂ 12 ਸਾਲ ਦੀ ਉਮਰ ਤੋਂ ਹੀ ਉਹ ਵਿਸ਼ਵ ਕੱਪ ਫੁੱਟਬਾਲ ਦੇਖਣ ਲਈ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਦੇ ਰਹੇ।

ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ, ਕਪੂਰਥਲਾ : ਕਪੂਰਥਲਾ ਦੀ ਇਤਿਹਾਸਕ ਰਿਆਸਤ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ 36 ਸਾਲਾ ਕੁਮਾਰ ਸੂਰਿਆਜੀਤ ਸਿੰਘ ਹੁਣ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਅਗਵਾਈ ਕਰਨਗੇ। ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਹੋਈ ਚੋਣ ਵਿੱਚ ਉਨ੍ਹਾਂ ਨੇ 42 ਵਿੱਚੋਂ 32 ਵੋਟਾਂ ਹਾਸਲ ਕਰਕੇ ਵਿਰੋਧੀ ਉਮੀਦਵਾਰ ਦਲਬੀਰ ਸਿੰਘ ਨੂੰ 22 ਵੋਟਾਂ ਦੇ ਫ਼ਰਕ ਨਾਲ ਹਰਾਇਆ। ਉਹ ਮਹਾਰਾਜਾ ਕੁਮਾਰ ਸ਼ਤਰੂਜੀਤ ਸਿੰਘ ਦੇ ਪੁੱਤਰ ਅਤੇ ਕਪੂਰਥਲਾ ਦੇ ਸਾਬਕਾ ਮਹਾਰਾਜਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੇ ਪੋਤੇ ਹਨ।
ਸੂਰਿਆਜੀਤ ਸਿੰਘ ਦਾ ਫੁੱਟਬਾਲ ਨਾਲ ਨਾਤਾ ਬਚਪਨ ਤੋਂ ਰਿਹਾ ਹੈ। ਦੂਨ ਸਕੂਲ ਵਿੱਚ ਪੜ੍ਹਾਈ ਦੌਰਾਨ ਉਹ ਕਈ ਸਾਲ ਸਕੂਲ ਦੀ ਫੁੱਟਬਾਲ ਟੀਮ ਦੇ ਕਪਤਾਨ ਰਹੇ। 10 ਤੋਂ 12 ਸਾਲ ਦੀ ਉਮਰ ਤੋਂ ਹੀ ਉਹ ਵਿਸ਼ਵ ਕੱਪ ਫੁੱਟਬਾਲ ਦੇਖਣ ਲਈ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਨੂੰ ਦੁਨੀਆ ਦੇ ਨਾਮਵਰ ਖਿਡਾਰੀਆਂ ਨੂੰ ਨੇੜਿਓਂ ਦੇਖਣ ਅਤੇ ਮਿਲਣ ਦਾ ਮੌਕਾ ਵੀ ਮਿਲਿਆ।
ਪੰਜਾਬ ਨੂੰ ਦੇਸ਼ ਦੀ ਨੰਬਰ ਇਕ ਟੀਮ ਬਣਾਉਣ ਦਾ ਟੀਚਾ
ਕੁਮਾਰ ਸੂਰਿਆਜੀਤ ਸਿੰਘ ਦਾ ਟੀਚਾ ਪੰਜਾਬ ਨੂੰ ਦੇਸ਼ ਦੀ ਨੰਬਰ ਇਕ ਫੁੱਟਬਾਲ ਟੀਮ ਬਣਾਉਣਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸੂਬੇ ਵਿੱਚ ਫੁੱਟਬਾਲ ਦੀ ਪ੍ਰਤਿਭਾ ਦੀ ਕੋਈ ਘਾਟ ਨਹੀਂ, ਲੋੜ ਇਸ ਨੂੰ ਸਹੀ ਮੌਕੇ ਅਤੇ ਸਿਖਲਾਈ ਦੇਣ ਦੀ ਹੈ। ਛੋਟੀ ਉਮਰ ਤੋਂ ਹੀ ਹੋਣਹਾਰ ਖਿਡਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤਰਾਸ਼ਣ ਦੀ ਯੋਜਨਾ ਹੈ, ਤਾਂ ਜੋ ਉਹ ਮੈਸੀ ਅਤੇ ਰੋਨਾਲਡੋ ਵਰਗੇ ਖਿਡਾਰੀਆਂ ਦੀ ਤਰ੍ਹਾਂ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾ ਸਕਣ ਅਤੇ ਭਾਰਤ ਦਾ ਨਾਮ ਰੌਸ਼ਨ ਕਰਨ।
ਨਵੀਂ ਅਗਵਾਈ ਸਾਹਮਣੇ ਜ਼ਿਲ੍ਹਾ ਪੱਧਰ ’ਤੇ ਫੁੱਟਬਾਲ ਨੂੰ ਉਤਸ਼ਾਹਿਤ ਕਰਨ, ਸਕੂਲਾਂ ਤੇ ਕਾਲਜਾਂ ਵਿੱਚ ਖੇਡ ਨੂੰ ਮਜ਼ਬੂਤ ਕਰਨ ਅਤੇ ਖਿਡਾਰੀਆਂ ਨੂੰ ਆਧੁਨਿਕ ਸਿਖਲਾਈ ਤੇ ਬਿਹਤਰ ਮੁਕਾਬਲਿਆਂ ਦੇ ਮੌਕੇ ਦੇਣ ਦੀ ਚੁਣੌਤੀ ਹੋਵੇਗੀ। ਮਹਿਲਾ ਫੁੱਟਬਾਲ ਅਤੇ ਉਮਰ ਵਰਗ ਦੀਆਂ ਟੀਮਾਂ ਦੇ ਵਿਕਾਸ ਵੱਲ ਧਿਆਨ ਦੇਣਾ ਵੀ ਅਹਿਮ ਰਹੇਗਾ।
ਪੁਰਾਣੀਆਂ ਖਾਮੀਆਂ ਦੂਰ ਕਰਨ ਦੀ ਚੁਣੌਤੀ
ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਪਿਛਲੇ ਪ੍ਰਬੰਧਕੀ ਦੌਰ ਦੌਰਾਨ ਮਾੜੇ ਪ੍ਰਬੰਧ ਅਤੇ ਤਾਲਮੇਲ ਦੀ ਘਾਟ ਵਰਗੇ ਮੁੱਦੇ ਚਰਚਾ ਵਿੱਚ ਰਹੇ ਹਨ। ਅਜਿਹੇ ਵਿੱਚ ਖਿਡਾਰੀਆਂ, ਕੋਚਾਂ ਅਤੇ ਜ਼ਿਲ੍ਹਾ ਐਸੋਸੀਏਸ਼ਨਾਂ ਨੂੰ ਨਵੀਂ ਕਾਰਜਕਾਰਨੀ ਤੋਂ ਉਮੀਦਾਂ ਹਨ। ਪ੍ਰਬੰਧਕੀ ਪਾਰਦਰਸ਼ਤਾ, ਜਵਾਬਦੇਹੀ ਅਤੇ ਠੋਸ ਖੇਡ ਨੀਤੀ ਰਾਹੀਂ ਪੰਜਾਬ ਫੁੱਟਬਾਲ ਨੂੰ ਅੱਗੇ ਲਿਜਾਣਾ ਨਵੇਂ ਪ੍ਰਧਾਨ ਲਈ ਅਹਿਮ ਹੋਵੇਗਾ।
ਚੋਣ ਪ੍ਰਕਿਰਿਆ ਰਿਟਰਨਿੰਗ ਅਫ਼ਸਰ ਅਵਤਾਰ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਨੇਪਰੇ ਚੜ੍ਹੀ। ਹੁਣ ਸੂਰਿਆਜੀਤ ਸਿੰਘ ਦੀ ਕਾਰਗੁਜ਼ਾਰੀ ਇਸ ਗੱਲ ਤੋਂ ਪਰਖੀ ਜਾਵੇਗੀ ਕਿ ਪੰਜਾਬ ਦੇ ਖਿਡਾਰੀਆਂ ਨੂੰ ਕਿੰਨੇ ਨਵੇਂ ਮੌਕੇ ਮਿਲਦੇ ਹਨ ਅਤੇ ਸੂਬੇ ਦੀਆਂ ਟੀਮਾਂ ਕੌਮੀ ਪੱਧਰ ’ਤੇ ਕਿਹੋ ਜਿਹੇ ਨਤੀਜੇ ਦਿੰਦੀਆਂ ਹਨ।