ਕਪੂਰਥਲਾ ਨਗਰ ਨਿਗਮ ਨੇ ਸਫ਼ਾਈ ਤੇ ਸੈਨੀਟੇਸ਼ਨ ਲਈ ਖ਼ਰੀਦੀ ਨਵੀਂ ਮਸ਼ੀਨਰੀ ਕਪੂਰਥਲਾ ਨਗਰ ਨਿਗਮ ਨੇ ਸਫ਼ਾਈ ਤੇ ਸੈਨੀਟੇਸ਼ਨ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਖ਼ਰੀਦੀ ਨਵੀਂ ਮਸ਼ੀਨਰੀ
Publish Date: Fri, 28 Aug 2026 09:41 PM (IST)
Updated Date: Fri, 28 Aug 2026 09:43 PM (IST)
--60.27 ਲੱਖ ਰੁਪਏ ਦੀ ਲਾਗਤ ਵਾਲੀ ਆਧੁਨਿਕ ਮਸ਼ੀਨਰੀ ਨਾਲ ਸੈਨੀਟੇਸ਼ਨ, ਵਾਟਰ ਸਪਲਾਈ ਤੇ ਫੋਗਿੰਗ ਕਾਰਜਾਂ ਨੂੰ ਮਿਲੇਗੀ ਮਜ਼ਬੂਤੀ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਵਿੱਚ ਨਾਗਰਿਕ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਤੇ ਕਪੂਰਥਲਾ ਨੂੰ ਸਾਫ਼-ਸੁਥਰਾ ਤੇ ਸਿਹਤਮੰਦ ਰੱਖਣ ਵੱਲ ਇੱਕ ਹੋਰ ਅਹਿਮ ਕਦਮ ਪੁੱਟਦਿਆਂ ਕਪੂਰਥਲਾ ਨਗਰ ਨਿਗਮ ਵੱਲੋਂ ਸਿਹਤ ਤੇ ਵਾਟਰ ਸਪਲਾਈ ਸ਼ਾਖਾਵਾਂ ਲਈ 60.27 ਲੱਖ ਰੁਪਏ ਦੀ ਆਧੁਨਿਕ ਮਸ਼ੀਨਰੀ ਖ਼ਰੀਦੀ ਗਈ ਹੈ। ਨਵੀਂ ਖ਼ਰੀਦੀ ਗਈ ਮਸ਼ੀਨਰੀ ਵਿੱਚ 45.19 ਲੱਖ ਰੁਪਏ ਦੀ ਲਾਗਤ ਵਾਲਾ ਇੱਕ ਟਿੱਪਰ, 7.68 ਲੱਖ ਰੁਪਏ ਦੀ ਲਾਗਤ ਵਾਲਾ ਇੱਕ ਟਾਟਾ ਏਸ ਤੇ 7.40 ਲੱਖ ਰੁਪਏ ਦੀ ਲਾਗਤ ਨਾਲ ਫੋਗਿੰਗ ਮਸ਼ੀਨਾਂ ਨਾਲ ਲੈਸ ਦੋ ਤਿੰਨ-ਪਹੀਆ ਵਾਹਨ ਸ਼ਾਮਲ ਹਨ। ਕਪੂਰਥਲਾ ਨਗਰ ਨਿਗਮ ਕਮਿਸ਼ਨਰ ਮੈਡਮ ਅਨੁਪਮ ਕਲੇਰ ਨੇ ਕਿਹਾ ਕਿ ਨਵੀਂ ਮਸ਼ੀਨਰੀ ਦੀ ਖ਼ਰੀਦ ਨਾਲ ਨਗਰ ਨਿਗਮ ਦੀਆਂ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਦੀ ਸਮਰੱਥਾ ਵਿੱਚ ਹੋਰ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਨਵੀਂ ਮਸ਼ੀਨਰੀ ਨਾਲ ਸ਼ਹਿਰ ਵਿੱਚ ਸਫ਼ਾਈ ਤੇ ਸੈਨੀਟੇਸ਼ਨ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਫੌਗਿੰਗ ਲਈ ਖ਼ਰੀਦੇ ਗਏ ਦੋ ਵਾਹਨਾਂ ਨਾਲ ਖਾਸ ਕਰਕੇ ਮੱਛਰਾਂ ਦੀ ਪੈਦਾਵਾਰ ਦੇ ਸੀਜ਼ਨ ਦੌਰਾਨ ਸਮੇਂ ਸਿਰ ਤੇ ਪ੍ਰਭਾਵਸ਼ਾਲੀ ਫੌਗਿੰਗ ਕਰਵਾਉਣ ਵਿੱਚ ਮਦਦ ਮਿਲੇਗੀ। ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਕਪੂਰਥਲਾ ਨਗਰ ਨਿਗਮ ਆਧੁਨਿਕ ਤਕਨਾਲੋਜੀ ਨੂੰ ਅਪਣਾਉਣ ਤੇ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ, ਤਾਂ ਜੋ ਸ਼ਹਿਰ ਵਾਸੀਆਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਨਵੀਂ ਮਸ਼ੀਨਰੀ ਨਾਲ ਨਾ ਸਿਰਫ਼ ਕਾਰਜਕੁਸ਼ਲਤਾ ਵਿੱਚ ਵਾਧਾ ਹੋਵੇਗਾ, ਸਗੋਂ ਸਫ਼ਾਈ ਤੇ ਜਨਤਕ ਸਿਹਤ ਨਾਲ ਸਬੰਧਤ ਲੋੜਾਂ ਪ੍ਰਤੀ ਨਗਰ ਨਿਗਮ ਵੱਲੋਂ ਹੋਰ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਮੱਛਰਾਂ ਦੀ ਪੈਦਾਵਾਰ ਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਿਯਮਿਤ ਫੌਗਿੰਗ ਤੇ ਸੈਨੀਟੇਸ਼ਨ ਗਤੀਵਿਧੀਆਂ ਨੂੰ ਯਕੀਨੀ ਬਣਾਇਆ ਜਾਵੇਗਾ।