ਐੱਚਆਈਵੀ/ਏਡਜ਼ ਸੇਵਾਵਾਂ ’ਚ ਸ਼ਾਨਦਾਰ ਕਾਰਗੁਜ਼ਾਰੀ ਲਈ ਕਪੂਰਥਲਾ ਸਨਮਾਨਿਤ ਐੱਚ.ਆਈ.ਵੀ./ਏਡਜ਼ ਸੇਵਾਵਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਕਪੂਰਥਲਾ ਸਨਮਾਨਿਤ
Publish Date: Thu, 08 Oct 2026 10:10 PM (IST)
Updated Date: Thu, 08 Oct 2026 10:11 PM (IST)
ਜਾਗਰੂਕਤਾ, ਸਮੇਂ ਸਿਰ ਜਾਂਚ ਤੇ ਇਲਾਜ ਸਬੰਧੀ ਸੇਵਾਵਾਂ ’ਚ ਜ਼ਿਲ੍ਹੇ ਨੇ ਪੰਜਾਬ ਭਰ ’ਚ ਹਾਸਲ ਕੀਤਾ ਤੀਜਾ ਸਥਾਨ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਵਿਸ਼ਵ ਖੂਨਦਾਨ ਦਿਵਸ ਮੌਕੇ ਚੰਡੀਗੜ੍ਹ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਰੋਹ ਦੌਰਾਨ ਐੱਚਆਈਵੀ/ਏਡਜ਼ ਸਬੰਧੀ ਜਾਗਰੂਕਤਾ, ਜਾਂਚ ਤੇ ਇਲਾਜ ਸੇਵਾਵਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਸਿਹਤ ਵਿਭਾਗ ਕਪੂਰਥਲਾ ਨੂੰ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਕਪੂਰਥਲਾ ਨੇ ਪੰਜਾਬ ਭਰ ਵਿੱਚ ਤੀਜਾ ਸਥਾਨ ਹਾਸਲ ਕਰਕੇ ਇਹ ਉਪਲਬਧੀ ਪ੍ਰਾਪਤ ਕੀਤੀ ਹੈ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਕਪੂਰਥਲਾ ਡਾ. ਅੰਨੂ ਸ਼ਰਮਾ ਨੇ ਇਸ ਸਨਮਾਨ ਦਾ ਸਿਹਰਾ ਜ਼ਿਲ੍ਹੇ ਦੇ ਆਈਸੀਟੀਸੀ ਸੈਂਟਰਾਂ ਦੇ ਮੈਡੀਕਲ ਤੇ ਪੈਰਾ-ਮੈਡੀਕਲ ਸਟਾਫ਼ ਦੀ ਮਿਹਨਤ ਤੇ ਸਮਰਪਣ ਨੂੰ ਦਿੰਦਿਆਂ ਕਿਹਾ ਕਿ ਐੱਚਆਈਵੀ ਦੀ ਰੋਕਥਾਮ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ, ਸਮੇਂ ਸਿਰ ਜਾਂਚ ਕਰਵਾਉਣ ਲਈ ਪ੍ਰੇਰਿਤ ਕਰਨਾ ਤੇ ਲੋੜਵੰਦ ਮਰੀਜ਼ਾਂ ਨੂੰ ਢੁੱਕਵੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਵਿਭਾਗ ਦੀ ਮੁੱਖ ਤਰਜੀਹ ਹੈ। ਉਨ੍ਹਾਂ ਨੇ ਸਮੂਹ ਸਟਾਫ਼ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਮਰਪਣ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਐੱਚਆਈਵੀ/ਏਡਜ਼ ਸਬੰਧੀ ਜਾਗਰੂਕਤਾ, ਜਾਂਚ ਤੇ ਇਲਾਜ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਕੇ ਲੋਕਾਂ ਤੱਕ ਬਿਹਤਰ ਸਿਹਤ ਸਹੂਲਤਾਂ ਪਹੁੰਚਾਉਣ ਲਈ ਲਗਾਤਾਰ ਯਤਨ ਜਾਰੀ ਰਹਿਣਗੇ। ਇਸ ਮੌਕੇ ਡਾ. ਰੂਹੀ, ਡਾ. ਹਾਰੂਨ ਅਲਫ਼ਰੈਡ, ਡਾ. ਰਮਨ, ਕੌਂਸਲਰ ਮਨਜੀਤ ਰਾਣੀ, ਕੌਂਸਲਰ ਕਾਬਲ ਸਿੰਘ, ਨਵਪ੍ਰੀਤ ਕੌਰ, ਮਨਜੀਤ ਐੱਲਟੀ ਤੇ ਸਿੰਘ ਤਰਭੋਰ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।