ਕਪੂਰਥਲਾ ਨੇ ਚੋਣ ਗਣਨਾ ਫਾਰਮਾਂ ਦਾ 100% ਡਿਜੀਟਾਈਜ਼ੇਸ਼ਨ ਕੀਤਾ ਮੁਕੰਮਲ ਕਪੂਰਥਲਾ ਨੇ ਚੋਣ ਗਣਨਾ ਫਾਰਮਾਂ ਦਾ 100% ਡਿਜੀਟਾਈਜ਼ੇਸ਼ਨ ਮੁਕੰਮਲ ਕੀਤਾ
Publish Date: Wed, 29 Jul 2026 09:22 PM (IST)
Updated Date: Wed, 29 Jul 2026 09:25 PM (IST)
ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਜ਼ਿਲ੍ਹੇ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ) 2026 ਤਹਿਤ ਗਣਨਾ ਫਾਰਮਾਂ ਦਾ 100 ਫੀਸਦੀ ਡਿਜੀਟਾਈਜ਼ੇਸ਼ਨ ਹਾਸਲ ਕਰ ਲਿਆ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਕਾਸ਼ ਬਾਂਸਲ ਨੇ ਦੱਸਿਆ ਕਿ ਇਹ ਅਭਿਆਸ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ 25 ਜੂਨ ਨੂੰ ਸ਼ੁਰੂ ਕੀਤੇ ਗਏ ਐੱਸਆਈਆਰ ਦੇ ਹਿੱਸੇ ਵਜੋਂ ਮੁਕੰਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ 791 ਬੂਥ ਲੈਵਲ ਅਫ਼ਸਰਾਂ ਵੱਲੋਂ ਘਰ-ਘਰ ਜਾ ਕੇ ਵਿਆਪਕ ਮੁਹਿੰਮ ਚਲਾਈ ਗਈ। ਇਸ ਅਭਿਆਸ ਦੌਰਾਨ, ਉਨ੍ਹਾਂ ਨੇ ਯੋਗ ਵੋਟਰਾਂ ਨੂੰ 6,14,981 ਗਣਨਾ ਫਾਰਮ ਵੰਡੇ, ਮੁਕੰਮਲ ਕੀਤੇ ਫਾਰਮ ਇਕੱਠੇ ਕੀਤੇ ਅਤੇ ਨਿਰਧਾਰਤ ਮੋਬਾਈਲ ਐਪਲੀਕੇਸ਼ਨ ਰਾਹੀਂ ਉਨ੍ਹਾਂ ਨੂੰ ਡਿਜੀਟਾਈਜ਼ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਤ ਦੀ ਗਰਮੀ ਦੇ ਬਾਵਜੂਦ ਬੀ.ਐੱਲ.ਓਜ਼ ਨੇ ਹਰੇਕ ਘਰ ਨੂੰ ਕਵਰ ਕਰਨਾ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕੀਤੀ। ਵੋਟਰਾਂ ਦੀ ਸਹੂਲਤ ਅਤੇ ਫਾਰਮਾਂ ਨੂੰ ਸਮੇਂ ਸਿਰ ਇਕੱਠਾ ਕਰਨ ਅਤੇ ਡਿਜੀਟਾਈਜ਼ ਕਰਨ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਨਾਮਜ਼ਦਗੀ ਕੈਂਪ ਵੀ ਲਗਾਏ ਗਏ। ਉਨ੍ਹਾਂ ਨੇ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ, ਸੁਪਰਵਾਈਜ਼ਰਾਂ ਅਤੇ ਬੀ.ਐੱਲ.ਓਜ਼ ਦੇ ਤਾਲਮੇਲ ਵਾਲੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਵਚਨਬੱਧਤਾ ਸਦਕਾ ਇਹ ਉਪਲਬਧੀ ਹਾਸਲ ਹੋਈ ਹੈ। ਉਨ੍ਹਾਂ ਨੇ ਇਸ ਅਭਿਆਸ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ ਨਿਵਾਸੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਜੀਟਾਈਜ਼ੇਸ਼ਨ ਦੀ ਪ੍ਰਕਿਰਿਆ ਮੁਕੰਮਲ ਹੋਣ ਦੇ ਨਾਲ ਹੀ ਗੈਰ-ਹਾਜ਼ਰ, ਤਬਦੀਲ, ਮ੍ਰਿਤਕ ਅਤੇ ਏਐਸਡੀਡੀ ਵੋਟਰਾਂ ਦੀਆਂ ਸੂਚੀਆਂ ਜਨਤਕ ਤਸਦੀਕ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਧਿਕਾਰਤ ਵੈੱਬਸਾਈਟ ’ਤੇ ਅਪਲੋਡ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਏਐੱਸਡੀਡੀ ਸੂਚੀਆਂ ਦੀ ਚੰਗੀ ਤਰ੍ਹਾਂ ਤਸਦੀਕ ਕਰਨ ਅਤੇ ਕਿਸੇ ਵੀ ਗਲਤ ਸ਼ਮੂਲੀਅਤ ਬਾਰੇ ਆਪਣੇ ਸਬੰਧਤ ਵਿਧਾਨ ਸਭਾ ਹਲਕੇ ਦੇ ਬੂਥ ਲੈਵਲ ਅਫ਼ਸਰ ਜਾਂ ਚੋਣ ਰਜਿਸਟ੍ਰੇਸ਼ਨ ਅਫ਼ਸਰ ਨੂੰ ਰਿਪੋਰਟ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਏਐੱਸਡੀਡੀ ਸੂਚੀ ਵਿੱਚ ਸ਼ਾਮਲ ਵੋਟਰਾਂ ਨੂੰ ਡਰਾਫਟ ਵੋਟਰ ਸੂਚੀ 2026 ਵਿੱਚ ਉਦੋਂ ਤੱਕ ਸ਼ਾਮਲ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਨਿਰਧਾਰਤ ਸਮੇਂ ਦੇ ਅੰਦਰ ਲੋੜੀਂਦੀਆਂ ਸੁਧਾਰਾਂ ਬਾਰੇ ਰਿਪੋਰਟ ਅਤੇ ਤਸਦੀਕ ਨਹੀਂ ਹੋ ਜਾਂਦੀ। ਉਨ੍ਹਾਂ ਨੇ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟਰ ਸੂਚੀਆਂ ਨੂੰ ਸਹੀ ਅਤੇ ਤਰੁੱਟੀ ਰਹਿਤ ਬਣਾਉਣ ਵਿੱਚ ਸਹਿਯੋਗ ਦੇਣ ਲਈ ਇਸ ਤਸਦੀਕ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੀ ਵੀ ਤਰ੍ਹਾਂ ਦੀ ਜਾਣਕਾਰੀ ਲਈ ਵੋਟਰ ਹੈਲਪਲਾਈਨ ਟੋਲ-ਫ੍ਰੀ ਨੰਬਰ 1950 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ’ਤੇ ਸੰਪਰਕ ਕੀਤਾ ਜਾ ਸਕਦਾ ਹੈ।