ਕਮਲਾ ਨਹਿਰੂ ਕਾਲਜ ਨੇ ਨੇਤਰਹੀਣ, ਬੇਸਹਾਰਾ ਬਜ਼ੁਰਗਾਂ ਨਾਲ ਮਨਾਈ ਦਿਵਾਲੀ ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ ਫਗਵਾੜਾ ਵੱਲੋਂ ਨੇਤਰਹੀਣ, ਬੇਸਹਾਰਾ ਬਜ਼ੁਰਗਾਂ ਅਤੇ ਬੱਚਿਆਂ ਨਾਲ ਮਨਾਈ ਗਈ ਦਿਵਾਲੀ।
Publish Date: Tue, 03 Nov 2026 06:29 PM (IST)
Updated Date: Tue, 03 Nov 2026 06:32 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੇ ਪ੍ਰਿੰਸੀਪਲ ਡਾਕਟਰ ਕਾਮਿਨੀ ਸਹਿਗਲ ਦੀ ਸੁਯੋਗ ਅਗਵਾਈ ਹੇਠ ਐੱਨਐੱਸਐੱਸ ਯੂਨਿਟ ਵੱਲੋਂ ਸਮਾਜਿਕ ਜ਼ਿੰਮੇਵਾਰੀ ਤੇ ਮਾਨਵਤਾ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਮਿਸ਼ਨ ਨੇਤਰਹੀਣ, ਬਜ਼ੁਰਗ ਆਸ਼ਰਮ ਸਪਰੋੜ ਫਗਵਾੜਾ ਵਿਖੇ ਨੇਤਰਹੀਣ, ਬੇਸਹਾਰਾ ਬਜ਼ੁਰਗਾਂ ਤੇ ਬੱਚਿਆਂ ਨਾਲ ਮਾਈ ਭਾਰਤ ਦਿਵਾਲੀ ਦੇ ਮਿਸ਼ਨ ਤਹਿਤ ਇਹ ਤਿਉਹਾਰ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਖਾਸ ਮੌਕੇ ਕਾਲਜ ਦੇ ਐੱਨਐੱਸਐੱਸ ਯੂਨਿਟ ਵੱਲੋਂ ਪੂਰਾ ਦਿਨ ਇਨ੍ਹਾਂ ਬਜ਼ੁਰਗਾਂ ਤੇ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਦੌਰਾਨ ਉਨ੍ਹਾਂ ਨੂੰ ਰੋਜ਼ਮਰ੍ਹਾ ਦੀ ਲੋੜੀਂਦੀ ਸਮੱਗਰੀ, ਮਿਠਾਈਆਂ, ਨਵੇਂ ਕੱਪੜੇ ਤੇ ਪਟਾਕੇ ਵੰਡੇ ਗਏ, ਜਿਸ ਨਾਲ ਉਨ੍ਹਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਕਾਮਿਨੀ ਸਹਿਗਲ, ਐੱਨਐੱਸਐੱਸ ਯੂਨਿਟ ਅਫ਼ਸਰ ਨਿਧੀ ਜੱਸਲ, ਡਾ. ਮਨਜਿੰਦਰ ਕੌਰ, ਇੰਦਰਪ੍ਰੀਤ ਕੌਰ ਤੇ 50 ਦੇ ਕਰੀਬ ਐੱਨਐੱਸਐੱਸ ਵਲੰਟੀਅਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਐੱਨਐੱਸਐੱਸ ਦੇ ਵਲੰਟੀਅਰਾਂ ਵੱਲੋਂ ਬਜ਼ੁਰਗਾਂ ਤੇ ਨੇਤਰਹੀਣ ਬੱਚਿਆਂ ਨਾਲ ਉਨ੍ਹਾਂ ਦੇ ਨਿੱਜੀ ਤਜਰਬਿਆਂ ਬਾਰੇ ਗੱਲਬਾਤ ਵੀ ਕੀਤੀ ਗਈ। ਇਸੇ ਦੌਰਾਨ ਗੁਰੂ ਨਾਨਕ ਮਿਸ਼ਨ ਬਜ਼ੁਰਗ ਨੇਤਰਹੀਣ ਆਸ਼ਰਮ ਵੱਲੋਂ ਕਾਲਜ ਪ੍ਰਿੰਸੀਪਲ ਡਾ. ਕਾਮਿਨੀ ਸਹਿਗਲ ਦਾ ਇਸ ਉਪਰਾਲੇ ਲਈ ਖ਼ਾਸ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਕਾਮਿਨੀ ਸਹਿਗਲ ਨੇ ਐੱਨਐੱਸਐੱਸ ਯੂਨਿਟ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਪ੍ਰੇਮ, ਹਮਦਰਦੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ ਤੇ ਵਿਦਿਆਰਥੀਆਂ ਵਿੱਚ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਦੇ ਹਨ।