ਕਮਲਾ ਨਹਿਰੂ ਕਾਲਜ ਨੇ ਜ਼ੋਨਲ ਯੂਥ ਮੇਲੇ ’ਚ ਮਾਰੀਆਂ ਮੱਲ੍ਹਾਂ ਕਮਲਾ ਨਹਿਰੂ ਕਾਲਜ ਫਾਰ ਵੂਮੈਨ ਦੀ ਜ਼ੋਨਲ ਯੁਵਕ ਮੇਲੇ ਵਿੱਚ ਸ਼ਾਨਦਾਰ ਪ੍ਰਾਪਤੀ
Publish Date: Fri, 09 Oct 2026 06:56 PM (IST)
Updated Date: Fri, 09 Oct 2026 06:56 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਕਰਵਾਏ ਗਏ ਡੀ-ਜ਼ੋਨ ਜ਼ੋਨਲ ਯੁਵਕ ਮੇਲਾ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦੀਆਂ ਸੱਭਿਆਚਾਰਕ ਪ੍ਰਾਪਤੀਆਂ ਵਿੱਚ ਅਹਿਮ ਵਾਧਾ ਕੀਤਾ। ਵਿਦਿਆਰਥਣਾਂ ਨੇ ਵੱਖ-ਵੱਖ ਕਲਾ ਤੇ ਸੱਭਿਆਚਾਰਕ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਪਹਿਲੇ, ਦੂਜੇ ਤੇ ਤੀਜੇ ਸਥਾਨ ਹਾਸਲ ਕੀਤੇ। ਕਾਲਜ ਨੇ ਇਕਾਂਗੀ ਨਾਟਕ, ਕਾਸਟਿਊਮ ਪਰੇਡ, ਕਲੇਅ ਮਾਡਲਿੰਗ, ਸਮੂਹ ਸ਼ਬਦ ਗਾਇਨ ਤੇ ਸ਼ਾਸਤਰੀ ਸਾਜ਼ ਵਾਦਨ (ਗੈਰ-ਤਾਲਵਾਦਕ) ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਮਾਣ ਦਿੱਤਾ। ਇਸੇ ਤਰ੍ਹਾਂ ਗੀਤ, ਕੋਰੀਓਗ੍ਰਾਫੀ, ਰੰਗੋਲੀ ਤੇ ਗਿੱਧਾ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ, ਮਾਈਮ, ਪੋਸਟਰ ਮੇਕਿੰਗ, ਫੁਲਕਾਰੀ ਤੇ ਸ਼ਾਸਤਰੀ ਗਾਇਨ (ਸੋਲੋ) ਮੁਕਾਬਲਿਆਂ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਬਹੁਪੱਖੀ ਕਲਾਤਮਕ ਪ੍ਰਤਿਭਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਵਿਅਕਤੀਗਤ ਮੁਕਾਬਲਿਆਂ ਵਿੱਚ ਵੀ ਕਾਲਜ ਦੀਆਂ ਵਿਦਿਆਰਥਣਾਂ ਨੇ ਵਿਸ਼ੇਸ਼ ਪ੍ਰਾਪਤੀਆਂ ਦਰਜ ਕੀਤੀਆਂ। ਬੀਐੱਸਸੀ ਸਮੈਸਟਰ ਪੰਜਵਾਂ ਦੀ ਮਨਰਾਜ ਕੌਰ ਮੱਲ੍ਹੀ ਨੇ ਸਰਵੋਤਮ ਅਦਾਕਾਰਾ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਬੀਵੌਕ ਸਮੈਸਟਰ ਪੰਜਵਾਂ ਦੀ ਨੀਲਮ ਨੇ ਸਰਵੋਤਮ ਡਾਂਸਰ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ। ਇਸ ਮਾਣਮੱਤੀ ਪ੍ਰਾਪਤੀ ’ਤੇ ਕਮਲਾ ਨਹਿਰੂ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਧੀਰਜ ਸਰਦਾਨਾ, ਕਾਲਜ ਪ੍ਰਿੰਸੀਪਲ ਡਾ. ਕਾਮਿਨੀ ਸਹਿਗਲ ਤੇ ਡਾਇਰੈਕਟਰ ਅਕਾਦਮਿਕ ਡਾ. ਸਵਿੰਦਰ ਪਾਲ ਨੇ ਜੇਤੂ ਵਿਦਿਆਰਥਣਾਂ ਸਮੇਤ ਸਮੂਹ ਭਾਗੀਦਾਰਾਂ, ਅਧਿਆਪਕਾਂ ਤੇ ਮਾਰਗਦਰਸ਼ਕਾਂ ਨੂੰ ਵਧਾਈ ਦਿੱਤੀ।