ਸਾਈਬਰ ਠੱਗਾਂ ਨੇ ਖਾਤੇ ’ਚੋਂ ਉਡਾਏ 46 ਹਜ਼ਾਰ ਸਾਈਬਰ ਠੱਗਾਂ ਨੇ ਕਾਲਾ ਸੰਘਿਆਂ ਦੇ ਵਿਅਕਤੀ ਦੇ ਖਾਤੇ ਵਿੱਚੋਂ ਉਡਾਏ 46 ਹਜਾ਼ਰ ਰੁਪਏ
Publish Date: Fri, 28 Aug 2026 09:31 PM (IST)
Updated Date: Fri, 28 Aug 2026 09:34 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਸਥਾਨਕ ਕਸਬੇ ਦੇ ਨਿਵਾਸੀ ਤੇ ਜਲੰਧਰ ਰੋਡ ’ਤੇ ਹਾਰਡਵੇਅਰ ਦੀ ਦੁਕਾਨ ਚਲਾ ਰਹੇ ਗੁਰਦਾਵਰ ਸਿੰਘ ਬੱਸਣ ਦੇ ਖਾਤੇ ਵਿੱਚੋਂ ਸਾਈਬਰ ਠੱਗਾਂ ਵੱਲੋਂ 46,000 ਰੁਪਏ ਦੀ ਰਕਮ ਉਡਾ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਗੁਰਦਾਵਰ ਸਿੰਘ ਬੱਸਣ ਨੇ ਕਿਹਾ ਕਿ ਉਹ ਆਪਣੇ ਫੋਨ ’ਤੇ ਫੇਸਬੁਕ ਐਪ ਚਲਾ ਰਿਹਾ ਸੀ ਤੇ ਇਸੇ ਦੌਰਾਨ ਉਨ੍ਹਾਂ ਦੇ ਫੋਨ ’ਤੇ ਅਪਡੇਟ ਦੀ ਆਪਸ਼ਨ ਆਈ ਤਾਂ ਉਨ੍ਹਾਂ ਫੋਨ ਰੱਖ ਦਿੱਤਾ ਕਿ ਸ਼ਾਇਦ ਹੁਣ ਫੋ਼ਨ ਜਾਂ ਫੇਸਬੁੱਕ ਅਪਡੇਟ ਹੋ ਰਿਹਾ ਹੈ ਤੇ ਫੋਨ ਦੀ ਸਕਰੀਨ ਕਾਲੀ ਹੋ ਗਈ। ਉਸ ਤੋਂ ਕੁਝ ਘੰਟਿਆਂ ਬਾਅਦ ਜਦੋਂ ਉਨ੍ਹਾਂ ਗੂਗਲ ਪੇ ਤੋਂ ਕੋਈ ਪੈਸੇ ਟਰਾਂਸਫਰ ਕਰਨੇ ਚਾਹੇ ਤਾਂ ਖਾਤੇ ਵਿੱਚੋਂ 46 ਹਜ਼ਾਰ ਰੁਪਏ ਗਾਇਬ ਸਨ ਭਾਵ ਕਿ ਜਿੰਨੇ ਪੈਸੇ ਖਾਤੇ ਵਿੱਚ ਸਨ ਸਾਈਬਰ ਠੱਗਾਂ ਵੱਲੋਂ ਸਾਰੇ ਉਡਾ ਲਏ ਗਏ ਸਨ, ਸਿਰਫ ਕੁਝ ਰੁਪਏ ਹੀ ਬਚੇ। ਉਪਰੰਤ ਗੁਰਦਾਵਰ ਸਿੰਘ ਨੇ ਇਸ ਘਟਨਾ ਦੀ ਆਨਲਾਈਨ ਕੰਪਲੇਂਟ ਪਾਈ ਤੇ ਸਾਈਬਰ ਕਰਾਈਮ ਸੈੱਲ ਕਪੂਰਥਲਾ ਵਿਖੇ ਸ਼ਿਕਾਇਤ ਦਰਜ ਕਰਾਈ ਪਰ ਅਜੇ ਤੱਕ ਸਾਈਬਰ ਪੁਲਿਸ ਨੂੰ ਕੋਈ ਵੀ ਸਫਲਤਾ ਨਹੀਂ ਮਿਲ ਸਕੀ। ਉਕਤ ਦੁਕਾਨਦਾਰ ਨੇ ਸਰਕਾਰਾਂ ਪ੍ਰਤੀ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਦੇਸ਼ ਨੂੰ ਕੈਸ਼ਲੈੱਸ ਕਰਨ ਲਈ ਆਨਲਾਈਨ ਭੁਗਤਾਨ ਦੀ ਹਦਾਇਤ ਕਰਦਾ ਹੈ ਪਰ ਬਿਨਾਂ ਕਿਸੇ ਓਟੀਪੀ ਤੋਂ ਇਸ ਤਰ੍ਹਾਂ ਖਾਤੇ ਦੇ ਸਾਰੇ ਪੈਸੇ ਉਡਾ ਲਏ ਜਾਣੇ ਇੱਕ ਵੱਡਾ ਸਵਾਲ ਖੜਾ ਕਰਦਾ ਹੈ। ਸਬੰਧਤ ਕੈਨਰਾ ਬੈਂਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਖਾਤਾ ਅਰਨਵ ਸ਼ਰਮਾ ਪੁੱਤਰ ਵਿਵੇਕਾਨੰਦ ਸ਼ਰਮਾ ਦੇ ਨਾਮ ’ਤੇ ਚੱਲਦਾ ਹੈ ਪਰ ਗੂਗਲ ਤੋਂ ਟਰਾਂਜੈਕਸ਼ਨ ਹੋਣ ਕਾਰਨ ਉਸ ਦਾ ਪੂਰਾ ਐਡਰੈਸ ਵੀ ਨਹੀਂ ਸ਼ੋ ਹੋ ਰਿਹਾ। ਇਲਾਕੇ ਦੇ ਸਮੂਹ ਦੁਕਾਨਦਾਰਾਂ ਨੇ ਸਾਈਬਰ ਕ੍ਰਾਈਮ ’ਤੇ ਸਖਤੀ ਨਾਲ ਨੱਥ ਪਾਈ ਜਾਣ ਦੀ ਮੰਗ ਕੀਤੀ ਹੈ।