ਪੰਜਾਬ ਬੰਦ ਦੌਰਾਨ ਕਵਰੇਜ ਕਰ ਰਹੇ ਪੱਤਰਕਾਰ ਨਾਲ ਕੀਤੀ ਹੱਥੋਪਾਈ ਪੰਜਾਬ ਬੰਦ ਦੌਰਾਨ ਕਵਰੇਜ ਕਰ ਰਹੇ ਪੱਤਰਕਾਰ ਨਾਲ ਕੀਤੀ ਹੱਥੋਪਾਈ
Publish Date: Fri, 16 Oct 2026 09:03 PM (IST)
Updated Date: Fri, 16 Oct 2026 09:06 PM (IST)
ਪੱਤਰਕਾਰ ਭਾਈਚਾਰੇ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਮੁਕੰਮਲ ਬਾਈਕਾਟ ਲਖਵੀਰ ਸਿੰਘ ਲੱਖੀ, ਪਰਮਜੀਤ ਸਿੰਘ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ /ਡਡਵਿੰਡੀ : ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਬੀਤੇ ਦਿਨ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਤਲਵੰਡੀ ਚੌਧਰੀਆਂ ਵਿਖੇ ਪੱਤਰਕਾਰ ਨਾਲ ਕਥਿਤ ਹੱਥੋਪਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੰਦ ਦੌਰਾਨ ਰੋਸ ਮਾਰਚ ਦੀ ਕਵਰੇਜ ਕਰ ਰਹੇ ਇਕ ਪੱਤਰਕਾਰ ਨਾਲ ਇੱਕ ਦੁਕਾਨਦਾਰ ਵੱਲੋਂ ਕਥਿਤ ਤੌਰ ’ਤੇ ਧੱਕਾ-ਮੁੱਕੀ ਕੀਤੇ ਜਾਣ ਦੀ ਘਟਨਾ ਨੇ ਪੱਤਰਕਾਰ ਭਾਈਚਾਰੇ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਪਰਮਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਇਨਸਾਫ਼ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦੇ ਤਹਿਤ ਇਲਾਕੇ ਵਿੱਚ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੱਢਿਆ ਜਾ ਰਿਹਾ ਸੀ। ਇਸ ਦੌਰਾਨ ਬੰਦ ਨੂੰ ਸਫ਼ਲ ਬਣਾਉਣ ਲਈ ਦੁਕਾਨਾਂ ਖੋਲ੍ਹ ਕੇ ਬੈਠੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਵੀ ਕੀਤੀ ਜਾ ਰਹੀ ਸੀ। ਇਸੇ ਦੌਰਾਨ ਤਲਵੰਡੀ ਚੌਧਰੀਆਂ ਵਿਖੇ ਇੱਕ ਦੁਕਾਨ ਖੁੱਲ੍ਹੀ ਹੋਣ ਸਬੰਧੀ ਕਵਰੇਜ ਕਰ ਰਹੇ ਪੱਤਰਕਾਰ ਨਾਲ ਕਥਿਤ ਤੌਰ ’ਤੇ ਹੱਥੋਪਾਈ ਕੀਤੀ ਗਈ। ਦੋਸ਼ ਹੈ ਕਿ ਦੁਕਾਨਦਾਰ ਨੇ ਪੱਤਰਕਾਰ ਨਾਲ ਧੱਕਾ-ਮੁੱਕੀ ਕੀਤੀ, ਜਦੋਂ ਉਹ ਆਪਣੀ ਪੇਸ਼ੇਵਰ ਜ਼ਿੰਮੇਵਾਰੀ ਨਿਭਾਉਂਦਿਆਂ ਘਟਨਾਕ੍ਰਮ ਦੀ ਵੀਡੀਓਗ੍ਰਾਫੀ ਕਰ ਰਹੇ ਸਨ। ਇਸ ਘਟਨਾ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਘਟਨਾ ਉਪਰੰਤ ਪੱਤਰਕਾਰ ਵੱਲੋਂ ਥਾਣਾ ਤਲਵੰਡੀ ਚੌਧਰੀਆਂ ਵਿਖੇ ਦਰਖਾਸਤ ਦਿੱਤੀ ਗਈ ਜਿਸ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ ਸਗੋਂ ਉੱਥੇ ਮੌਜੂਦ ਅਧਿਕਾਰੀਆਂ ਵੱਲੋਂ ਉਲਟਾ ਪੱਤਰਕਾਰਾਂ ਨੂੰ ਹੀ ਗਲਤ ਕਰਾਰ ਦਿੱਤਾ ਗਿਆ। ਇਸ ਘਟਨਾ ਸਬੰਧੀ ਅੱਜ ਦੀ ਵਰਕਿੰਗ ਜਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਦੀਪਕ ਧੀਰ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਹੋਈ, ਜਿਸ ਵਿੱਚ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਪੱਤਰਕਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਸਮੁੱਚੇ ਤੌਰ ’ਤੇ ਪੁਲਿਸ ਪ੍ਰਸ਼ਾਸਨ ਦਾ ਮੁਕੰਮਲ ਤੌਰ ’ਤੇ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ ਤੇ ਮੰਗ ਕੀਤੀ ਗਈ ਕਿ ਪੱਤਰਕਾਰ ਨਾਲ ਕੀਤੀ ਗਈ ਬਦਸਲੂਕੀ ਸਬੰਧੀ ਸਬੰਧਤ ਧਿਰ ’ਤੇ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾਵੇ। ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਦੀਪਕ ਧੀਰ, ਜਨਰਲ ਸਕੱਤਰ ਲਖਵੀਰ ਸਿੰਘ ਲੱਖੀ, ਕੈਸ਼ੀਅਰ ਸਿਮਰਨਜੀਤ ਸੰਧੂ, ਚੇਅਰਮੈਨ ਸਤਪਾਲ ਕਾਲਾ, ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਲਾਡੀ, ਮੀਤ ਪ੍ਰਧਾਨ ਅਸ਼ਵਨੀ ਕੁਮਾਰ, ਕਾਰਜਕਾਰੀ ਪ੍ਰਧਾਨ ਵਰੁਣ ਸ਼ਰਮਾ, ਜਗਜੀਤ ਸਿੰਘ ਧੰਜੂ, ਬਿਕਰਮਪਾਲ ਸਿੰਘ ਵਿੱਕੀ, ਬਲਵਿੰਦਰ ਸਿੰਘ ਧਾਲੀਵਾਲ, ਚਰਨਜੀਤ ਸਿੰਘ ਢਿੱਲੋਂ, ਨਰੇਸ਼ ਕੁਮਾਰ ਹੈਪੀ, ਰਣਜੀਤ ਸਿੰਘ ਚੰਦੀ, ਪਰਸਨ ਲਾਲ ਭੋਲਾ, ਪਰਮਜੀਤ ਸਿੰਘ ਡਡਵਿੰਡੀ, ਕੁਲਵੰਤ ਸਿੰਘ ਨੂਰੋਵਾਲ, ਦੀਪਕ ਕੁਮਾਰ, ਤਰਸੇਮ ਸਿੰਘ ਥਿੰਦ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਦੇਵ ਸਿੰਘ ਝੰਡ, ਅਰਵਿੰਦ ਪਾਠਕ, ਜਸਵਿੰਦਰ ਸਿੰਘ, ਲਵ ਖਿੰਡਾ, ਮਲਕੀਤ ਕੌਰ, ਪ੍ਰਦੀਪ ਸਿੰਘ ਆਦਿ ਹਾਜ਼ਰ ਸਨ।