ਸੁਲਤਾਨਪੁਰ ਲੋਧੀ ’ਚ ਅਕਾਲੀ ਆਗੂ ਜੋਸਨ ਦਾ ਰੋਲ ਸ਼ਲਾਘਾਯੋਗ : ਗੋਲਡੀ/ਬਿੱਕਾ ਸੁਲਤਾਨਪੁਰ ਲੋਧੀ ’ਚ ਅਕਾਲੀ ਦਲ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ’ਚ ਜੋਸਨ ਦਾ ਅਹਿਮ ਯੋਗਦਾਨ : ਗੋਲਡੀ/ਬਿੱਕਾ
Publish Date: Tue, 25 Aug 2026 07:35 PM (IST)
Updated Date: Tue, 25 Aug 2026 07:36 PM (IST)
ਦਿਨ-ਰਾਤ ਦੀ ਮਿਹਨਤ ਨੇ ਅਕਾਲੀ ਵਰਕਰਾਂ ’ਚ ਭਰਿਆ ਨਵਾਂ ਜੋਸ਼ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਮਜ਼ਬੂਤ ਕਰਨ ਲਈ ਪਿਛਲੇ 7-8 ਮਹੀਨਿਆਂ ਤੋਂ ਸਰਗਰਮੀ ਨਾਲ ਕੰਮ ਕਰ ਰਹੇ ਨੌਜਵਾਨ ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਅਕਾਲੀ ਦਲ ਦੇ ਨੌਜਵਾਨ ਆਗੂ ਸਰਪੰਚ ਗੋਲਡੀ ਜੋਸਨ ਤੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਬਿਕਰਮਜੀਤ ਸਿੰਘ ਬਿੱਕਾ ਤਲਵੰਡੀ ਚੌਧਰੀਆਂ ਨੇ ਕਿਹਾ ਕਿ ਜੋਸਨ ਨੇ ਔਖੇ ਸਮੇਂ ਵਿੱਚ ਪਾਰਟੀ ਦਾ ਝੰਡਾ ਬੁਲੰਦ ਕਰਕੇ ਹਲਕੇ ਵਿੱਚ ਮੁੜ ਅਕਾਲੀ ਸਰਗਰਮੀਆਂ ਨੂੰ ਤੇਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਗੜ੍ਹ ਮੰਨਿਆ ਜਾਂਦਾ ਰਿਹਾ ਹੈ, ਪਰ ਪਿਛਲੇ ਕੁਝ ਸਾਲਾਂ ਦੌਰਾਨ ਹਲਕੇ ਵਿੱਚ ਪਾਰਟੀ ਦੀਆਂ ਸਰਗਰਮੀਆਂ ਲਗਭਗ ਖਤਮ ਹੋਣ ਕਾਰਨ ਅਕਾਲੀ ਵਰਕਰਾਂ ਵਿੱਚ ਨਿਰਾਸ਼ਾ ਦਾ ਮਾਹੌਲ ਬਣ ਗਿਆ ਸੀ। ਅਜਿਹੇ ਸਮੇਂ ਇੰਦਰਜੀਤ ਸਿੰਘ ਜੋਸਨ ਨੇ ਅੱਗੇ ਆ ਕੇ ਪਾਰਟੀ ਨੂੰ ਮੁੜ ਜਥੇਬੰਦ ਕਰਨ ਦਾ ਬੀੜਾ ਚੁੱਕਿਆ ਤੇ ਪਿੰਡਾਂ ਤੋਂ ਲੈ ਕੇ ਸ਼ਹਿਰ ਤੱਕ ਵਰਕਰਾਂ ਨਾਲ ਲਗਾਤਾਰ ਸੰਪਰਕ ਕਾਇਮ ਕਰਕੇ ਅਕਾਲੀ ਦਲ ਦੀ ਆਵਾਜ਼ ਨੂੰ ਮੁੜ ਮਜ਼ਬੂਤ ਕਰਨ ਲਈ ਯਤਨ ਕੀਤੇ। ਸਰਪੰਚ ਗੋਲਡੀ ਜੋਸਨ ਤੇ ਬਿਕਰਮਜੀਤ ਸਿੰਘ ਬਿੱਕਾ ਨੇ ਕਿਹਾ ਕਿ ਇੰਦਰਜੀਤ ਸਿੰਘ ਜੋਸਨ ਦਾ ਪਾਰਟੀ ਨਾਲ ਜੁੜਨ ਦਾ ਫੈਸਲਾ ਆਮ ਸਿਆਸੀ ਸਰਗਰਮੀ ਨਹੀਂ, ਸਗੋਂ ਕੁਰਬਾਨੀ ਤੇ ਸਮਰਪਣ ਦੀ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਜੋਸਨ ਲਗਭਗ 27 ਸਾਲ ਵਿਦੇਸ਼ ਵਿੱਚ ਰਹੇ ਤੇ ਜਰਮਨ ਨਾਗਰਿਕਤਾ ਵੀ ਛੱਡ ਕੇ ਪੰਜਾਬ ਵਾਪਸ ਆਏ। ਵਿਦੇਸ਼ ਦੀ ਸੁਖਦਾਇਕ ਜ਼ਿੰਦਗੀ ਛੱਡ ਕੇ ਆਪਣੇ ਇਲਾਕੇ ਤੇ ਪਾਰਟੀ ਲਈ ਮੈਦਾਨ ਵਿੱਚ ਉਤਰਨਾ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਜੋਸਨ ਦੇ ਦਿਲ ਵਿੱਚ ਪਾਰਟੀ ਤੇ ਪੰਥਕ ਸੋਚ ਪ੍ਰਤੀ ਡੂੰਘਾ ਜਜ਼ਬਾ ਹੈ। ਉਨ੍ਹਾਂ ਕਿਹਾ ਕਿ ਅੱਜ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਲਈ ਕਈ ਆਗੂ ਦਾਅਵੇਦਾਰੀ ਪੇਸ਼ ਕਰ ਰਹੇ ਹਨ, ਪਰ ਪਾਰਟੀ ਦੀ ਔਖੀ ਘੜੀ ਵਿੱਚ ਜਿਹੜਾ ਆਗੂ ਵਰਕਰਾਂ ਦੇ ਨਾਲ ਖੜ੍ਹਾ ਰਿਹਾ ਤੇ ਆਪਣਾ ਤਨ-ਮਨ ਲਗਾ ਕੇ ਜਥੇਬੰਦੀ ਨੂੰ ਮੁੜ ਖੜ੍ਹਾ ਕਰਨ ਲਈ ਕੰਮ ਕਰਦਾ ਰਿਹਾ, ਉਸ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅਨੁਸਾਰ ਇੰਦਰਜੀਤ ਸਿੰਘ ਜੋਸਨ ਹੀ ਸੁਲਤਾਨਪੁਰ ਲੋਧੀ ਤੋਂ ਅਕਾਲੀ ਦਲ ਦੀ ਟਿਕਟ ਦੇ ਸਭ ਤੋਂ ਮਜ਼ਬੂਤ ਅਤੇ ਹੱਕਦਾਰ ਦਾਅਵੇਦਾਰ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਹਾਈਕਮਾਂਡ ਵੱਲੋਂ ਇੰਦਰਜੀਤ ਸਿੰਘ ਜੋਸਨ ਨੂੰ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਉਹ ਆਪਣੀ ਮਿਹਨਤ, ਲੋਕ ਸੰਪਰਕ ਤੇ ਜਥੇਬੰਦਕ ਸਮਰੱਥਾ ਨਾਲ ਅਕਾਲੀ ਦਲ ਨੂੰ ਮੁੜ ਇਸ ਪੰਥਕ ਗੜ੍ਹ ਵਿੱਚ ਮਜ਼ਬੂਤ ਸਥਿਤੀ ਵਿੱਚ ਲਿਆਉਣ ਲਈ ਪੂਰੀ ਤਾਕਤ ਨਾਲ ਕੰਮ ਕਰਨਗੇ।