ਨਸ਼ਾ ਪ੍ਰਭਾਵਿਤ ਹੌਟਸਪੌਟ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਕਾਰਵਾਈ ਜਾਰੀ 15 ਨਸ਼ਾ ਪ੍ਰਭਾਵਿਤ ਹੌਟਸਪੌਟ ਪਿੰਡਾਂ ਵਿੱਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਅਤੇ ਵੀਡੀਸੀਜ਼ ਦੇ ਸਾਂਝੇ ਯਤਨਾਂ ਦੇ ਮਿਲ ਰਹੇ ਸਾਰਥਕ ਨਤੀਜੇ
Publish Date: Fri, 06 Nov 2026 09:43 PM (IST)
Updated Date: Sat, 07 Nov 2026 04:06 AM (IST)
15 ਪਿੰਡਾਂ ’ਚ ਸਾਂਝੇ ਯਤਨਾਂ ਦੇ ਮਿਲ ਰਹੇ ਸਾਰਥਕ ਨਤੀਜੇ : ਡੀਸੀ/ਐੱਸਐੱਸਪੀ ਲਾਗੂਕਰਨ, ਮੁੜ ਵਸੇਬਾ, ਜਾਗਰੂਕਤਾ ਤੇ ਪਿੰਡਾਂ ਦੇ ਵਿਕਾਸ ’ਤੇ ਵਿਸ਼ੇਸ਼ ਧਿਆਨ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਲੈਜ ਡਿਫੈਂਸ ਕਮੇਟੀਆਂ ਦੇ ਸਹਿਯੋਗ ਨਾਲ ਕੀਤਾ ਜਾ ਰਹੇ ਸਾਂਝੇ ਯਤਨ ਸਦਕਾ ਨਸ਼ਿਆਂ ਦੀ ਸਮੱਸਿਆ ਨੂੰ ਕਾਬੂ ਕਰਨ ਵਿਚ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ, ਜਿਸ ਤਹਿਤ ਜ਼ਿਲ੍ਹੇ ਦੇ 15 ਸੰਵੇਦਨਸ਼ੀਲ ਨਸ਼ਾ ਪ੍ਰਭਾਵਿਤ ਹੌਟਸਪੌਟ ਪਿੰਡਾਂ ’ਚ ਸਾਂਝੀਆਂ ਪਹਿਲਕਦਮੀਆਂ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਵੀਡੀਸੀ ਮੈਂਬਰਾਂ ਤੇ ਚਿੰਨ੍ਹਿਤ ਨਸ਼ਾ ਪ੍ਰਭਾਵਿਤ ਹੌਟਸਪੌਟ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡੀਸੀ ਅਕਾਸ਼ ਬਾਂਸਲ ਤੇ ਐੱਸਐੱਸਪੀ ਗੌਰਵ ਤੂਰਾ ਨੇ ਚੱਲ ਰਹੀਆਂ ਗਤੀਵਿਧੀਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਤਰਾਂ ’ਚ ਨਸ਼ਿਆਂ ਖ਼ਿਲਾਫ਼ ਕਾਰਵਾਈ, ਜਾਗਰੂਕਤਾ ਮੁਹਿੰਮਾਂ, ਮੁੜ ਵਸੇਬਾ, ਬੁਨਿਆਦੀ ਢਾਂਚੇ ਦਾ ਵਿਕਾਸ, ਸਟਰੀਟ ਲਾਈਟਾਂ ਤੇ ਸੀਸੀਟੀਵੀ ਕੈਮਰੇ ਲਾਉਣਾ, ਰੋਜ਼ਗਾਰ ਤੇ ਕਰਜ਼ਾ ਕੈਂਪ ਲਾਉਣਾ, ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਮੁੜ ਵਸੇਬਾ ਕੇਂਦਰਾਂ ’ਚ ਭੇਜਣਾ ਤੇ ਨਸ਼ੇ ਦੀ ਵਰਤੋਂ ਲਈ ਕੀਤੀਆਂ ਜਾ ਰਹੀਆਂ ਛੱਡੀਆਂ ਹੋਈਆਂ ਥਾਵਾਂ ਨੂੰ ਮੁੜ ਵਰਤੋਂ ’ਚ ਲਿਆਉਣ ਸਮੇਤ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਸਥਾਨਕ ਵਸਨੀਕਾਂ ਵੱਲੋਂ ਮਿਲ ਰਹੇ ਸਹਿਯੋਗ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਐੱਸਡੀਐੱਮਜ਼ ਤੇ ਡੀਐੱਸਪੀਜ਼, ਜਿਨ੍ਹਾਂ ਨੇ ਮੀਟਿੰਗ ’ਚ ਵਰਚੁਅਲ ਤੌਰ ’ਤੇ ਸ਼ਮੂਲੀਅਤ ਕੀਤੀ, ਨੂੰ ਜਾਗਰੂਕਤਾ, ਲਾਗੂਕਰਨ ਤੇ ਵਿਕਾਸ ਨਾਲ ਸਬੰਧਤ ਜ਼ਮੀਨੀ ਪੱਧਰ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ੋਰ ਦਿੱਤਾ ਕਿ ਸਰਕਾਰ ਵੱਲੋਂ ਨਿਰਧਾਰਤ 60 ਦਿਨਾਂ ਦੇ ਟੀਚੇ ਤਹਿਤ ਇਨ੍ਹਾਂ 15 ਪਿੰਡਾਂ ਤੋਂ ਨਸ਼ਾ ਪ੍ਰਭਾਵਿਤ ਹੌਟਸਪੌਟ ਦਾ ਦਰਜਾ ਖ਼ਤਮ ਕਰਨ ਲਈ ਸਾਰੇ ਵਿਭਾਗ ਪੂਰੀ ਵਚਨਬੱਧਤਾ ਨਾਲ ਕੰਮ ਕਰਨ। ਉਨ੍ਹਾਂ ਦੱਸਿਆ ਕਿ ਚਿੰਨ੍ਹਿਤ ਪਿੰਡਾਂ ’ਚ ਜਲਦ ਹੀ ਖੇਡ ਮੈਦਾਨ ਵਿਕਸਤ ਕੀਤੇ ਜਾਣਗੇ ਤਾਂ ਜੋ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਤੇ ਹੋਰ ਉਸਾਰੂ ਗਤੀਵਿਧੀਆਂ ਵੱਲ ਮੋੜਿਆ ਜਾ ਸਕੇ। ਇਸ ਲਈ ਇਨ੍ਹਾਂ ਪਿੰਡਾਂ ’ਚ ਜ਼ਮੀਨਾਂ ਦੀ ਪਛਾਣ ਕਰ ਲਈ ਗਈ ਹੈ। ਸਵੈ-ਸਹਾਇਤਾ ਸਮੂਹ ਵੀ ਬਣਾਏ ਜਾ ਰਹੇ ਹਨ, ਜਦਕਿ ਨਸ਼ਾ ਪ੍ਰਭਾਵਿਤ ਪਰਿਵਾਰਾਂ ਨੂੰ ਰੋਜ਼ਗਾਰ ਦੇ ਮੌਕੇ ਤੇ ਵਿੱਤੀ ਸਹਾਇਤਾ ਪ੍ਰਦਾਨ ਕਰ ਕੇ ਆਪਣੀ ਜ਼ਿੰਦਗੀ ਮੁੜ ਸੰਵਾਰਨ ’ਚ ਮਦਦ ਕਰਨ ਲਈ ਨਿਯਮਤ ਰੋਜ਼ਗਾਰ ਤੇ ਕਰਜ਼ਾ ਕੈਂਪ ਲਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਅੱਗੇ ਕਿਹਾ ਕਿ ਇਨ੍ਹਾਂ ਪਿੰਡਾਂ ’ਚ ਸਟਰੀਟ ਲਾਈਟਾਂ ਤੇ ਸੀਸੀਟੀਵੀ ਕੈਮਰੇ ਲਾਉਣ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ। ਚਿੰਨ੍ਹਿਤ ਹੌਟਸਪੌਟ ਪਿੰਡਾਂ ਦੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਇਲਾਜ ਤੇ ਸਹਾਇਤਾ ਯਕੀਨੀ ਬਣਾਉਣ ਲਈ ਮੁੜ ਵਸੇਬਾ ਕੇਂਦਰਾਂ ’ਚ ਭੇਜਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਰੇ ਵਿਭਾਗੀ ਅਧਿਕਾਰੀਆਂ ਨੂੰ ਵੀਡੀਸੀ ਮੈਂਬਰਾਂ ਦੀਆਂ ਪਹਿਲਕਦਮੀਆਂ ’ਚ ਪੂਰਾ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਜ਼ੋਰ ਦਿੱਤਾ ਕਿ ਇਨ੍ਹਾਂ ਹੌਟਸਪੌਟ ਪਿੰਡਾਂ ਤੋਂ ਨਸ਼ਿਆਂ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਪ੍ਰਸ਼ਾਸਨ, ਪੁਲਿਸ ਤੇ ਲੋਕਾਂ ਦੇ ਸਾਂਝੇ ਤੇ ਨਿਰੰਤਰ ਯਤਨ ਹੀ ਸਫ਼ਲਤਾ ਦੀ ਕੁੰਜੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ’ਚੋਂ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਤੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਆਪਣੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਪੂਰੇ ਜ਼ੋਰ-ਸ਼ੋਰ ਨਾਲ ਲਾਗੂ ਕੀਤਾ ਜਾ ਰਿਹਾ ਹੈ। ਮੀਟਿੰਗ ’ਚ ਡੀਡੀਪੀਓ ਗੁਰਪ੍ਰਤਾਪ ਸਿੰਘ, ਯੁੱਧ ਨਸ਼ਿਆਂ ਵਿਰੁੱਧ ਦੇ ਜ਼ਿਲ੍ਹਾ ਕੋ-ਆਰਡੀਨੇਟਰ ਸੀਮਾ ਰਾਣਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।