- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਸੀਟੀ ਇੰਟਕ ਯੂਨੀਅਨ ਨੇ ਮਜ਼ਦੂਰਾਂ ਦਾ ਬਕਾਇਆ ਨਿਪਟਾਉਣ ਲਈ ਤਾਇਨਾਤ ਅਫਸਰ ਦੀ ਕਾਰਗੁਜ਼ਾਰੀ ’ਤੇ ਚੁਕੇ ਸਵਾਲ

ਯੂਨੀਅਨ ਨੇ ਤਾਇਨਾਤ ਅਫਸਰ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ
ਫਗਵਾੜਾ : ਜੇਸੀਟੀ ਮਿਲ ਮਾਲਕਾਂ ਵੱਲੋਂ ਮਿਲ ਮਜ਼ਦੂਰਾਂ ਦੇ ਬਕਾਇਆ ਈਪੀਐੱਫ, ਤਨਖਾਹਾਂ ਤੇ ਭੱਤਿਆਂ ਦਾ ਹਿਸਾਬ-ਕਿਤਾਬ ਨਾ ਕਰਨ ਦੇ ਵਿਵਾਦ ਦਰਮਿਆਨ ਮਾਨਯੋਗ ਅਦਾਲਤ ਵੱਲੋਂ ਉਮੇਸ਼ ਗਰਗ ਨੂੰ ਆਰਪੀ (ਰੈਜ਼ੋਲਿਊਸ਼ਨ ਪ੍ਰੋਫੈਸ਼ਨਲ) ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਜ਼ਿੰਮੇਵਾਰੀ ਮਜ਼ਦੂਰਾਂ ਦੀਆਂ ਵਿੱਤੀ ਦੇਣਦਾਰੀਆਂ ਦਾ ਨਿਪਟਾਰਾ ਕਰਨਾ ਨਿਰਧਾਰਤ ਕੀਤੀ ਗਈ ਸੀ, ਪਰ ਮਿਲ ਮਜ਼ਦੂਰਾਂ ਵਿਚ ਉਕਤ ਅਧਿਕਾਰੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧ ਵਿਚ ਜੇਸੀਟੀ ਇੰਟਕ ਯੂਨੀਅਨ ਦੀ ਇਕ ਮੀਟਿੰਗ ਸ਼ਾਖਾ ਪ੍ਰਧਾਨ ਧਰਮਿੰਦਰ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਵਿਚ ਸਕੱਤਰ ਸੁਰਜੀਤ ਕੁਮਾਰ ਸਮੇਤ ਰਾਜੀਵ ਚੌਬੇ, ਰਿਸ਼ਭ ਸ਼ਰਮਾ, ਰਾਜੇਸ਼ ਗੁਪਤਾ ਤੇ ਰਾਧੇ ਸ਼ਿਆਮ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਮੀਟਿੰਗ ਦੌਰਾਨ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਪ੍ਰਧਾਨ ਧਰਮਿੰਦਰ ਨੇ ਸਪਸ਼ਟ ਕਿਹਾ ਕਿ ਇਕ-ਇਕ ਪੈਸੇ ਦਾ ਹਿਸਾਬ ਲਏ ਬਿਨ੍ਹਾ ਕੋਈ ਵੀ ਮਜ਼ਦੂਰ ਜੇਸੀਟੀ ਕਾਲੋਨੀ ਖਾਲੀ ਨਹੀਂ ਕਰੇਗਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਰਪੀ ਗਰਗ ਵੱਲੋਂ ਜਨਵਰੀ 2026 ਤੱਕ ਸਾਰੇ ਬਕਾਇਆ ਦਾ ਹਿਸਾਬ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਫਰਵਰੀ ਮਹੀਨੇ ਦਾ ਅੱਧਾ ਸਮਾਂ ਲੰਘ ਚੁੱਕਾ ਹੈ ਤੇ ਫਿਰ ਵੀ ਪੁਰਾਣੀ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮਾਲਕਾਂ ਜਾਂ ਅਧਿਕਾਰੀਆਂ ਦੀ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਤੇ ਮਿੱਲ ਨੂੰ ਟੁਕੜਿਆਂ ਵਿਚ ਵੇਚਣ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦੁਹਰਾਇਆ ਕਿ ਜੋ ਕੋਈ ਟੈਕਸਟਾਈਲ ਦੇ ਜ਼ਰੀਏ ਮਿਲ ਨੂੰ ਮੁੜ ਚਲਾਉਣ ਤੇ ਮਜ਼ਦੂਰਾਂ ਦਾ ਪੂਰਾ ਹਿਸਾਬ ਚੁਕਾਉਣ ਦੀ ਗੱਲ ਕਰੇਗਾ, ਕੇਵਲ ਉਸੇ ਨੂੰ ਮਿਲ ਵਿਚ ਦਾਖ਼ਲੇ ਦੀ ਇਜਾਜ਼ਤ ਦਿੱਤੀ ਜਾਵੇਗੀ।
ਯੂਨੀਅਨ ਲੀਡਰਾਂ ਨੇ ਇਕ ਸੁਰ ਵਿਚ ਕਿਹਾ ਕਿ ਇਹ ਮਸਲਾ ਪਹਿਲਾਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਰਾਹੀਂ ਪੰਜਾਬ ਵਿਧਾਨ ਸਭਾ ਵਿਚ ਉਠਾਇਆ ਜਾ ਚੁੱਕਾ ਹੈ। ਜੇ ਲੋੜ ਪਈ ਤਾਂ ਇਹ ਮਾਮਲਾ ਦੇਸ਼ ਦੀ ਸੰਸਦ ਤੱਕ ਲਿਆਂਦਾ ਜਾਵੇਗਾ ਤੇ ਹਰ ਹਾਲ ਵਿਚ ਮਾਲਕਾਂ ਨੂੰ ਮਜ਼ਦੂਰਾਂ ਦਾ ਹੱਕ ਅਦਾ ਕਰਨ ਲਈ ਮਜਬੂਰ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਹ ਜਲਦੀ ਹੀ ਇੰਟਕ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਸ਼ਰਮਾ ਤੇ ਚੇਅਰਮੈਨ ਸੁਭਾਸ਼ ਸ਼ਰਮਾ ਸਮੇਤ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨਗੇ, ਤਾਂ ਜੋ ਜੇਸੀਟੀ ਮਿਲ ਦੇ ਮਾਲਕਾਂ ਵੱਲੋਂ ਆਪਣੇ ਪੈਸੇ ਤੇ ਰਸੂਖ ਦੇ ਬਲ ’ਤੇ ਗਰੀਬ ਮਜ਼ਦੂਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਮਸਲਾ ਸੰਸਦ ਦੇ ਬਜਟ ਸੈਸ਼ਨ ਦੌਰਾਨ ਜ਼ੋਰ-ਸ਼ੋਰ ਨਾਲ ਉਠਾਇਆ ਜਾ ਸਕੇ।