ਫਗਵਾੜਾ ਈਵਜ਼ ਨੇ ਕਰਵਾਇਆ ਜਾਗਰੂਕਤਾ ਸੈਸ਼ਨ ਜੇਸੀਆਈ ਫਗਵਾੜਾ ਈਵਜ਼ ਨੇ ਕਰਵਾਇਆ ਵਾਲਾਂ ਦੀ ਸਿਹਤ ਅਤੇ ਦੇਖਭਾਲ ਸਬੰਧੀ ਜਾਗਰੂਕਤਾ ਸੈਸ਼ਨ
Publish Date: Sun, 11 Oct 2026 08:49 PM (IST)
Updated Date: Sun, 11 Oct 2026 08:50 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਵਾਲਾਂ ਦੀ ਖੂਬਸੂਰਤੀ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਬਰਕਰਾਰ ਰੱਖਣ ਲਈ ਸਹੀ ਦੇਖਭਾਲ ਬਹੁਤ ਜ਼ਰੂਰੀ ਹੈ। ਇਸੇ ਉਦੇਸ਼ ਨਾਲ ਜੇਸੀਆਈ ਫਗਵਾੜਾ ਈਵਜ਼ ਵੱਲੋਂ ਕਲੱਬ ਪ੍ਰਧਾਨ ਜੇਸੀ ਅਸ਼ਵਿਨ ਕੌਰ ਦੀ ਦੇਖ-ਰੇਖ ਹੇਠ ਗਲੈਮਰ ਵਿਲਾ ਗਿਲਕੋ ਸੈਲੂਨ ਵਿਖੇ ਵਾਲਾਂ ਦੀ ਸਿਹਤਮੰਦ ਦੇਖਭਾਲ ਵਿਸ਼ੇ ’ਤੇ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਹੇਅਰ ਕੇਅਰ ਦੇ ਮਾਹਰ ਸੈਮ ਗਰੇਵਾਲ ਨੇ ਸੰਸਥਾ ਦੀਆਂ ਮੈਂਬਰਾਂ ਨੂੰ ਵਾਲਾਂ ਦੀ ਸਹੀ ਦੇਖਭਾਲ, ਢੁਕਵੇਂ ਸ਼ੈਂਪੂ ਦੀ ਚੋਣ ਤੇ ਵਾਲਾਂ ਨਾਲ ਜੁੜੀਆਂ ਆਮ ਸਮੱਸਿਆਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਸਿਰਫ਼ ਬਾਹਰੀ ਦੇਖਭਾਲ ਹੀ ਕਾਫ਼ੀ ਨਹੀਂ ਹੈ, ਸਗੋਂ ਸਹੀ ਸ਼ੈਂਪੂ ਦੀ ਚੋਣ, ਨਿਯਮਤ ਦੇਖਭਾਲ ਤੇ ਸੰਤੁਲਿਤ ਖੁਰਾਕ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਵਾਲਾਂ ਦੀ ਕਿਸਮ ਤੇ ਲੋੜ ਅਨੁਸਾਰ ਦੇਖਭਾਲ ਲਈ ਵਰਤੇ ਜਾਣ ਵਾਲੇ ਉਤਪਾਦਾਂ ਦੀ ਚੋਣ ਕਰਨ ਤੇ ਲਾਪਰਵਾਹੀ ਤੋਂ ਬਚਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੋਣ ਦੇ ਸੰਭਾਵੀ ਕਾਰਨਾਂ ਬਾਰੇ ਚਰਚਾ ਕਰਦਿਆਂ ਸੈਮ ਗਰੇਵਾਲ ਨੇ ਦੱਸਿਆ ਕਿ ਜੈਨੇਟਿਕ ਕਾਰਨਾਂ, ਪੋਸ਼ਕ ਤੱਤਾਂ ਦੀ ਘਾਟ ਤੇ ਕੁਝ ਸਿਹਤ ਸਬੰਧੀ ਸਮੱਸਿਆਵਾਂ ਦਾ ਵਾਲਾਂ ਦੀ ਸਿਹਤ ’ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਨੇ ਕਲੱਬ ਮੈਂਬਰਾਂ ਤੇ ਸੈਲੂਨ ਦੇ ਸਟਾਫ ਨੂੰ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਮਝਣ ਤੇ ਲੋੜ ਪੈਣ ’ਤੇ ਮਾਹਰ ਦੀ ਸਲਾਹ ਲੈਣ ਲਈ ਵੀ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ ਕਲੱਬ ਮੈਂਬਰਾਂ ਤੇ ਸੈਲੂਨ ਸਟਾਫ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਵਾਲਾਂ ਦੀ ਦੇਖਭਾਲ ਸਬੰਧੀ ਵੱਖ-ਵੱਖ ਸਵਾਲ ਪੁੱਛ ਕੇ ਲਾਭਦਾਇਕ ਸੁਝਾਅ ਪ੍ਰਾਪਤ ਕੀਤੇ। ਕਲੱਬ ਪ੍ਰਧਾਨ ਜੇਸੀ ਅਸ਼ਵਿਨ ਕੌਰ ਨੇ ਦੱਸਿਆ ਕਿ ਇਸ ਸੈਸ਼ਨ ਦਾ ਉਦੇਸ਼ ਵਾਲਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਨਾ ਤੇ ਰੋਜ਼ਾਨਾ ਜ਼ਿੰਦਗੀ ਵਿੱਚ ਬਿਹਤਰ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਉਨ੍ਹਾਂ ਕਿਹਾ ਕਿ ਜੇਸੀਆਈ ਫਗਵਾੜਾ ਈਵਜ਼ ਵੱਲੋਂ ਮੈਂਬਰਾਂ ਦੇ ਗਿਆਨ, ਸ਼ਖ਼ਸੀਅਤ ਵਿਕਾਸ ਤੇ ਬਿਹਤਰ ਜੀਵਨ ਸ਼ੈਲੀ ਨਾਲ ਜੁੜੇ ਵਿਸ਼ਿਆਂ ’ਤੇ ਅਜਿਹੇ ਲਾਭਦਾਇਕ ਪ੍ਰੋਗਰਾਮ ਕਰਵਾਉਣ ਦਾ ਯਤਨ ਜਾਰੀ ਰਹੇਗਾ। ਕਲੱਬ ਵੱਲੋਂ ਹੇਅਰ ਕੇਅਰ ਮਾਹਰ ਸੈਮ ਗਰੇਵਾਲ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਲੱਬ ਦੀ ਸਾਬਕਾ ਪ੍ਰਧਾਨ ਜੇਸੀ ਜੋਤੀ, ਜੇਸੀ ਪਰਮਜੀਤ, ਅਮਨ ਖੋਸਲਾ, ਰੀਮਾ ਸੋਪਤੀ, ਮੀਨੂ ਗਰਗ ਤੇ ਗੀਤੂ ਸਮੇਤ ਹੋਰ ਕਲੱਬ ਮੈਂਬਰ ਤੇ ਸੈਲੂਨ ਸਟਾਫ ਹਾਜ਼ਰ ਸੀ।