- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਡੀ ’ਚ ਲਿਫਟਿੰਗ ਮੱਠੀ ਪਈ ਤਾਂ ਜੱਟ ਸਭਾ ਨੇ ਸਰਕਾਰ ਨੂੰ ਘੇਰਿਆ

ਹੱਥੋ-ਹੱਥ ਫ਼ਸਲ ਵਿਕਣ’ ਦੇ ਦਾਅਵੇ ਖੋਖਲੇ
ਲਿਫਟਿੰਗ ਰੋਕੀ ਤਾਂ ਸੜਕਾਂ ’ਤੇ ਉਤਰਾਂਗੇ : ਜੱਟ ਸਭਾ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਝੋਨੇ ਦੇ ਸੀਜ਼ਨ ਦੌਰਾਨ ਸੁਲਤਾਨਪੁਰ ਲੋਧੀ ਦੀ ਮੰਡੀ ਵਿੱਚ ਕਥਿਤ ਕਟੌਤੀਆਂ, ਘੱਟ ਲਿਫਟਿੰਗ ਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਜੱਟ ਸਭਾ ਵੱਲੋਂ ਬੇਬੇ ਨਾਨਕੀ ਗੁਰਦੁਆਰਾ ਸਾਹਿਬ ਵਿਖੇ ਐਮਰਜੈਂਸੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਪ੍ਰਧਾਨ ਮਹਿੰਦਰ ਸਿੰਘ ਢਿੱਲੋਂ ਤੇ ਸਰਪ੍ਰਸਤ ਸੰਤੋਖ ਸਿੰਘ ਭਾਗੋਰਾਈਆਂ ਨੇ ਕੀਤੀ। ਮੀਟਿੰਗ ਵਿੱਚ ਆਗੂਆਂ ਨੇ ਦੋਸ਼ ਲਾਇਆ ਕਿ ਮੰਡੀ ਵਿੱਚ ਕਿਸਾਨਾਂ ਦੀ ਫ਼ਸਲ ਦੀ ਲਿਫਟਿੰਗ ਬਹੁਤ ਘੱਟ ਹੋ ਰਹੀ ਹੈ ਤੇ ਬੋਰੀਆਂ ਦੇ ਚੱਕੇ ਲੱਗੇ ਪਏ ਹਨ। ਉਨ੍ਹਾਂ ਕਿਹਾ ਕਿ ਸੈਲਰਾਂ ਵੱਲੋਂ ਮੰਡੀ ਵਿੱਚੋਂ ਮਾਲ ਚੁੱਕ ਕੇ ਆਪਣੇ ਸੈਲਰਾਂ ਵਿੱਚ ਉਤਾਰਨ ਦੀ ਰਫ਼ਤਾਰ ਵੀ ਕਥਿਤ ਤੌਰ ’ਤੇ ਬਹੁਤ ਮੱਠੀ ਹੈ, ਜਿਸ ਕਾਰਨ ਮੰਡੀ ਵਿੱਚ ਫ਼ਸਲ ਦਾ ਭਾਰ ਵਧਦਾ ਜਾ ਰਿਹਾ ਹੈ ਤੇ ਕਿਸਾਨਾਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਆੜ੍ਹਤੀਆਂ ਵੱਲੋਂ ਕਿਸਾਨਾਂ ਦੀ ਫ਼ਸਲ ਨੂੰ ਬੋਰੀਆਂ ਵਿੱਚ ਭਰ ਕੇ ਚੱਕੇ ਲਗਾ ਕੇ ਮੰਡੀ ਵਿੱਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਲਿਫਟਿੰਗ ਨਾ ਹੋਈ ਤਾਂ ਮੰਡੀ ਵਿੱਚ ਤੰਗੀ ਵਾਲੀ ਸਥਿਤੀ ਪੈਦਾ ਹੋਵੇਗੀ ਤੇ ਕਿਸਾਨ ਆਪਣੀ ਫ਼ਸਲ ਵੇਚਣ ਲਈ ਮਜਬੂਰ ਹੋ ਕੇ ਕਥਿਤ ਕਟੌਤੀ ਵੀ ਸਹਿਣ ਲਈ ਤਿਆਰ ਹੋ ਸਕਦਾ ਹੈ। ਸਭਾ ਨੇ ਇਸ ਨੂੰ ਕਿਸਾਨਾਂ ’ਤੇ ਦਬਾਅ ਬਣਾਉਣ ਵਾਲੀ ਕਥਿਤ ਪ੍ਰਕਿਰਿਆ ਕਰਾਰ ਦਿੱਤਾ। ਜੱਟ ਸਭਾ ਨੇ ਕਿਹਾ ਕਿ ਆੜ੍ਹਤੀਆਂ, ਸੈਲਰ ਮਾਲਕਾਂ ਤੇ ਸਬੰਧਤ ਧਿਰਾਂ ਨਾਲ ਲਿਫਟਿੰਗ ਦੇ ਮਸਲੇ ਨੂੰ ਲੈ ਕੇ ਮੀਟਿੰਗ ਵੀ ਹੋ ਚੁੱਕੀ ਹੈ ਪਰ ਉਸ ਦਾ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਖਰੀਦ ਤੇ ਲਿਫਟਿੰਗ ਦਾ ਪੱਕਾ ਪ੍ਰਬੰਧ ਕਰਨਾ ਚਾਹੀਦਾ ਸੀ। ਸਭਾ ਆਗੂਆਂ ਨੇ ਝੋਨੇ ਨੂੰ ‘ਹਾਈਬ੍ਰਿਡ’ ਦੱਸ ਕੇ ਕਥਿਤ ਕਟੌਤੀ ਕਰਨ ’ਤੇ ਵੀ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਜੇਕਰ ਫ਼ਸਲ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਤੇ ਨਮੀ ਦੀ ਸ਼ਰਤ ਪੂਰੀ ਕਰਦੀ ਹੈ ਤਾਂ ਕਿਸਾਨ ’ਤੇ ਕਟੌਤੀ ਦਾ ਬੋਝ ਨਹੀਂ ਪਾਇਆ ਜਾਣਾ ਚਾਹੀਦਾ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਅਜਿਹੇ ਤਰੀਕੇ ਹੋਰ ਮੰਡੀਆਂ ਵਿੱਚ ਨਹੀਂ ਅਪਣਾਏ ਜਾ ਰਹੇ ਤਾਂ ਸੁਲਤਾਨਪੁਰ ਲੋਧੀ ਇਲਾਕੇ ਦੀ ਮੰਡੀ ਵਿੱਚ ਹੀ ਕਿਸਾਨਾਂ ਨੂੰ ਇਹ ਸਮੱਸਿਆ ਕਿਉਂ ਆ ਰਹੀ ਹੈ?
ਆਗੂਆਂ ਨੇ ਸਰਕਾਰ ਦੇ ਇਸ ਦਾਅਵੇ ’ਤੇ ਵੀ ਸਵਾਲ ਖੜ੍ਹੇ ਕੀਤੇ ਕਿ ਕਿਸਾਨਾਂ ਦੀ ਫ਼ਸਲ ‘ਹੱਥੋ-ਹੱਥ’ ਵਿਕੇਗੀ। ਉਨ੍ਹਾਂ ਕਿਹਾ ਕਿ ਜ਼ਮੀਨੀ ਹਾਲਾਤ ਇਸ ਦਾਅਵੇ ਤੋਂ ਵੱਖਰੀ ਤਸਵੀਰ ਪੇਸ਼ ਕਰ ਰਹੇ ਹਨ। ਜੱਟ ਸਭਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਲਿਫਟਿੰਗ ਤੇਜ਼ ਨਾ ਕੀਤੀ ਗਈ ਤੇ ਕਿਸਾਨਾਂ ਦੀ ਫ਼ਸਲ ’ਤੇ ਕਥਿਤ ਕਟੌਤੀਆਂ ਜਾਰੀ ਰਹੀਆਂ ਤਾਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਜਾਵੇਗਾ ਤੇ ਲੋੜ ਪਈ ਤਾਂ ਸੜਕਾਂ ’ਤੇ ਉਤਰ ਕੇ ਫ਼ਸਲ ਵੇਚਣ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਸੰਤੋਖ ਸਿੰਘ ਸਰਪ੍ਰਸਤ, ਮਹਿੰਦਰ ਸਿੰਘ ਪ੍ਰਧਾਨ, ਨਿਰਮਲ ਸਿੰਘ, ਮਹਿੰਦਰਪਾਲ ਸਿੰਘ ਮਹੱਬਲੀਪੁਰ, ਹਜ਼ਾਰਾ ਸਿੰਘ, ਭਜਨ ਸਿੰਘ ਭਾਗੋਰਾਈਆਂ, ਜਗਜੀਤ ਸਿੰਘ ਭਾਗੋਰਾਈਆਂ, ਕੁਲਦੀਪ ਸਿੰਘ ਸਾਗਰਾਂ, ਨੰਬਰਦਾਰ ਯੂਨੀਅਨ ਪ੍ਰਧਾਨ ਸਾਹਿਬ ਸਿੰਘ ਭੁੱਲਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਜੱਟ ਸਭਾ ਦੇ ਮੈਂਬਰ ਹਾਜ਼ਰ ਸਨ।