ਥਾਣਿਆਂ ’ਚ ਔਰਤਾਂ ਲਈ ਵੱਖਰੇ ਹਵਾਲਾਤ ਤੇ ਪਖਾਨਿਆਂ ਦੀ ਵਿਵਸਥਾ ਕੀਤੀ ਜਾਵੇ ਜਤਿੰਦਰ ਸਿੰਘ ਸ਼ੈਂਟੀ ਵੱਲੋਂ ਪੁਲਿਸ ਥਾਣਿਆਂ ਵਿੱਚ ਔਰਤਾਂ ਲਈ ਵੱਖਰੇ ਹਵਾਲਾਤ ਅਤੇ ਪਖਾਨਿਆਂ ਦੀ ਵਿਵਸਥਾ ਕਰਨ ਦੇ ਨਿਰਦੇਸ਼
Publish Date: Sat, 31 Oct 2026 08:49 PM (IST)
Updated Date: Sat, 31 Oct 2026 08:49 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੈਂਟੀ ਨੇ ਅੱਜ ਪੁਲਿਸ ਵਿਭਾਗ ਨੂੰ ਸਾਰੇ ਪੁਲਿਸ ਥਾਣਿਆਂ ਤੇ ਪੁਲਿਸ ਚੌਕੀਆਂ ਵਿੱਚ ਔਰਤਾਂ ਲਈ ਵੱਖਰੇ ਹਵਾਲਾਤ ਤੇ ਪਖਾਨਿਆਂ ਦੀ ਵਿਵਸਥਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਸ ਸਬੰਧੀ 15 ਦਿਨਾਂ ਦੇ ਅੰਦਰ ਪ੍ਰਬੰਧ ਮੁਕੰਮਲ ਕਰਨ ਦੀ ਸਮਾਂ-ਸੀਮਾ ਨਿਰਧਾਰਤ ਕੀਤੀ। ਫਗਵਾੜਾ ਦੇ ਦੌਰੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼ੈਂਟੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਥਾਣਿਆਂ ਤੇ ਚੌਕੀਆਂ ਵਿੱਚ ਔਰਤਾਂ ਲਈ ਵੱਖਰੇ ਹਵਾਲਾਤ ਤੇ ਪਖਾਨੇ ਹੋਣੇ ਲਾਜ਼ਮੀ ਹਨ। ਉਨ੍ਹਾਂ ਡੀਐੱਸਪੀ ਫਗਵਾੜਾ ਪਲਵਿੰਦਰ ਸਿੰਘ ਨੂੰ ਇਸ ਮਾਮਲੇ ਨੂੰ ਤੁਰੰਤ ਪੁਲਿਸ ਹੈੱਡਕੁਆਰਟਰ ਕੋਲ ਉਠਾਉਣ ਤੇ ਨਿਰਧਾਰਤ ਸਮੇਂ ਅੰਦਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਪੁਲਿਸ ਥਾਣਿਆਂ ਤੇ ਟ੍ਰੈਫਿਕ ਵਿੰਗ ਵਿੱਚ ਮੁਲਾਜ਼ਮਾਂ ਦੀ ਘਾਟ ਸਬੰਧੀ ਵਿਸਤ੍ਰਿਤ ਰਿਪੋਰਟ ਵੀ ਮੰਗੀ, ਤਾਂ ਜੋ ਇਹ ਮਾਮਲਾ ਸਬੰਧਤ ਉੱਚ ਅਧਿਕਾਰੀਆਂ ਕੋਲ ਉਠਾਇਆ ਜਾ ਸਕੇ। ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਰਣਦੀਪ ਸਿੰਘ ਹੀਰ ਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਦਾ ਸਵਾਗਤ ਕੀਤਾ ਤੇ ਭਰੋਸਾ ਦਿਵਾਇਆ ਕਿ ਮੀਟਿੰਗ ਦੌਰਾਨ ਜਾਰੀ ਕੀਤੇ ਗਏ ਸਾਰੇ ਨਿਰਦੇਸ਼ਾਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਮੈਂਬਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਤੇ ਡੀਐੱਸਪੀ ਨੂੰ ਜਨਤਕ ਸੇਵਾਵਾਂ ਦੀ ਪ੍ਰਭਾਵਸ਼ਾਲੀ ਸਪੁਰਦਗੀ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਵਾਸਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਮਿਸ਼ਨ ਵੱਲੋਂ ਬੀਐੱਸ ਬੇਦੀ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।