ਸ਼ਹਿਰ ’ਚ ਥਾਣਿਆਂ ਦੀ ਗਿਣਤੀ ਵਧਾਉਣ ਸਬੰਧੀ ਐੱਸਐੱਸਪੀ ਨੂੰ ਦਿੱਤਾ ਮੰਗ ਪੱਤਰ ਜਥੇ. ਸ਼ੰਮੀ ਨੇ ਸ਼ਹਿਰ ’ਚ ਥਾਣਿਆਂ ਦੀ ਗਿਣਤੀ ਵਧਾਉਣ ਸਬੰਧੀ ਐੱਸਐੱਸਪੀ ਨੂੰ ਦਿੱਤਾ ਮੰਗ ਪੱਤਰ
Publish Date: Fri, 18 Sep 2026 09:03 PM (IST)
Updated Date: Fri, 18 Sep 2026 09:05 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਕਪੂਰਥਲਾ ਦੀ ਅਹਿਮ ਸਮੱਸਿਆਵਾਂ ਤੇ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਨਰਲ ਕੌਂਸਲ ਪੰਜਾਬ ਜਥੇਦਾਰ ਜਗਜੀਤ ਸਿੰਘ ਸ਼ੰਮੀ ਆਪਣੇ ਸਾਥੀਆ ਸਮੇਤ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੂੰ ਮਿਲੇ, ਜਿੱਥੇ ਉਨ੍ਹਾਂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਨਾਮ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ। ਜਥੇ. ਜਗਜੀਤ ਸਿੰਘ ਸ਼ੰਮੀ ਨੇ ਕਿਹਾ ਕਿ ਜਦੋਂ ਦਾ ਦੋਸ਼ ਆਜ਼ਾਦ ਹੋਇਆ ਹੈ, ਉਸ ਸਮੇਂ ਕਪੂਰਥਲੇ ਦੀ ਅਬਾਦੀ ਬਹੁਤ ਘੱਟ ਸੀ ਤੇ ਉਸ ਸਮੇਂ ਤੋਂ ਇਕੋ ਹੀ ਸਿਟੀ ਥਾਣਾ ਚੱਲਿਆ ਆ ਰਿਹਾ ਹੈ ਜਦੋ ਕਿ ਸਮੇਂ ਅਨੁਸਾਰ ਆਬਾਦੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਸ਼ਹਿਰ ਦੇ ਮੁਹੱਲਿਆਂ ਵਿੱਚ ਬਜ਼ੁਰਗਾਂ ਦੇ ਕੰਨਾਂ ਵਿੱਚੋਂ ਵਾਲੀਆਂ ਲਾਈਆਂ ਜਾ ਰਹੀਆਂ ਹਨ ਤੇ ਘਰ ਦੇ ਕੋਲ ਖੜ੍ਹੀਆਂ ਬੀਬੀਆਂ ਦੇ ਗਲਾਂ ਵਿੱਚੋਂ ਸੋਨੇ ਦੀਆਂ ਚੈਨੀਆਂ ਲਾਹੀਆਂ ਜਾ ਰਹੀ ਹੈ, ਬੱਚਿਆਂ ਕੋਲੋਂ ਮੋਬਾਇਲ ਖੋਹੇ ਜਾ ਰਹੇ ਹਨ, ਵਪਾਰੀ ਜਦੋਂ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਘੇਰ ਕੇ ਸ਼ਰੇਆਮ ਲੁੱਟਿਆ ਜਾ ਰਿਹਾ ਹੈ, ਹੁਣ ਤਾਂ ਮੂੰਹ ਢੱਕ ਕੇ ਸ਼ਰੇਆਮ ਦਿਨ ਦਿਹਾੜੇ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਹੁਣ ਆਪਣੇ-ਆਪ ਨੂੰ ਘਰਾਂ ਵਿੱਚ ਅਸੁਰੱਖਿਅਤ ਸਮਝਣ ਲੱਗ ਪਏ ਹਨ। ਜਥੇਦਾਰ ਜਗਜੀਤ ਸਿੰਘ ਸ਼ੰਮੀ ਨੇ ਮੰਗ ਕਰਦਿਆਂ ਕਿਹਾ ਕਿ ਕਪੂਰਥਲਾ ਸ਼ਹਿਰ ਵਿੱਚ ਲੋਕਾਂ ਦੀ ਸੁਰੱਖਿਆ ਤੇ ਅਮਨ-ਅਮਾਨ ਨੂੰ ਕਾਇਮ ਰੱਖਣ ਲਈ ਸ਼ਹਿਰ ਵਿੱਚ 2 ਤੋਂ 3 ਸਿਟੀ ਥਾਣੇ ਬਣਾਏ ਜਾਣੇ ਚਾਹੀਦੇ ਹਨ, ਥਾਣਿਆਂ ਵਿੱਚ ਮੁਲਾਜ਼ਮਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ। ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰੇ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਇਸ ਮੌਕੇ ਉਨ੍ਹਾਂ ਨਾਲ ਜਸਪਾਲ ਨਾਹਰ, ਸਰਦਾਰੀ ਲਾਲ ਸ਼ਰਮਾ, ਕੇਵਲ ਧੀਰ, ਮਨਜੀਤ ਸਿੰਘ ਆਦਿ ਵੀ ਹਾਜ਼ਰ ਸਨ।