
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੱਥੇਦਾਰ ਡੋਗਰਾਂਵਾਲਾ ਨੇ ਸੁਲਤਾਨਪੁਰ ਲੋਧੀ ਹਲਕੇ ਤੋਂ ਟਿਕਟ ਲੈਣ ਦਾ ਠੋਕਿਆ ਦਾਹਵਾ

ਰੌਸ਼ਨ ਖੈੜਾ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਵਿਧਾਨ ਸਭਾ ਦੀਆਂ ਸੰਭਾਵੀ 2027 ਚੋਣਾਂ ਦੇ ਮੱਦੇਨਜ਼ਰ ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਕਮਰਕੱਸੇ ਕਰ ਰਹੀਆਂ ਹਨ, ਉਥੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਸੰਭਾਵੀ ਉਮੀਦਵਾਰ ਵੀ ਆਪਣੀਆਂ ਦਾਅਵੇਦਾਰੀਆਂ ਮਜ਼ਬੂਤ ਕਰਨ ਲਈ ਪੈਂਤੜੇ ਖੇਡ ਰਹੇ ਹਨ। ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਘਾਗ ਸਿਆਸਤਦਾਨ ਸਾਬਕਾ ਕੈਬਨਿਟ ਮੰਤਰੀ ਆਤਮਾ ਸਿੰਘ ਤੇ ਉਨ੍ਹਾਂ ਦੀ ਸਪੁਤਰੀ ਡਾ. ਉਪਿੰਦਰ ਜੀਤ ਕੌਰ ਸਾਬਕਾ ਕੈਬਨਿਟ ਮੰਤਰੀ ਸਦਕਾ ਸ੍ਰੋਮਣੀ ਅਕਾਲੀ ਦਲ ਦਾ ਕਿਲ੍ਹਾ ਰਿਹਾ ਹੈ। ਇਸ ਸਿਆਸੀ ਕਿਲ੍ਹੇ ਨੂੰ ਢਾਉਣ ਤੇ ਡਾ. ਉਪਿੰਦਰਜੀਤ ਕੌਰ ਨੂੰ ਲਗਾਤਾਰ ਦੋ ਵਾਰ ਹਰਾਉਣ ਵਾਲੇ ਕਾਂਗਰਸੀ ਨੌਜਵਾਨ ਆਗੂ ਨਵਤੇਜ ਸਿੰਘ ਚੀਮਾ ਕਾਂਗਰਸ ਦੀ ਹੋਂਦ ਬਣਾ ਗਏ ਸਨ ਪਰ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਧਨ ਕੁਬੇਰ ਨੇ ਇਸ ਹਲਕੇ ਦੀ ਤਾਸੀਰ ਹੀ ਬਦਲ ਦਿੱਤੀ ਸੀ। ਡਾਕਟਰ ਉਪਿੰਦਰਜੀਤ ਕੌਰ ਵੱਲੋਂ ਸਿਹਤ ਨਾਸਾਜ਼ ਹੋਣ ਕਰਕੇ ਪਾਰਟੀ ਦੇ ਟਕਸਾਲੀ ਦਰੀਆਂ ਵਿਛਾਉਣ ਵਾਲੇ ਅਕਾਲੀ ਲੀਡਰਾਂ ਨੂੰ ਖੂੰਜੇ ਲਗਾਉਂਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਅਮੀਰ ਕਾਂਗਰਸੀ ਲੀਡਰ ਨੂੰ ਸ੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਕੇ ਉਮੀਦਵਾਰ ਬਣਾ ਦਿਤਾ, ਉਥੇ ਸਥਾਪਿਤ ਕਾਂਗਰਸੀ ਉਮੀਦਵਾਰ ਨਵਤੇਜ ਚੀਮਾ ਨੂੰ ਹਰਾਉਣ ਲਈ ਰਜਵਾੜਾ ਕਾਂਗਰਸੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੇ ਉਦਯੋਗਪਤੀ ਸਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਹਲਕਾ ਸੁਲਤਾਨਪੁਰ ਲੋਧੀ ਦੇ ਸਿਆਸੀ ਸਮੀਕਰਣ ਹੀ ਬਦਲ ਦਿੱਤੇ ਸਨ। ਐਂਤਕੀ ਇਸ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਛੱਡ ਕੇ ਆਏ ਕੈਪਟਨ ਹਰਮਿੰਦਰ ਸਿੰਘ ਪਿਛਲੀਆਂ ਚੋਣਾਂ ਵਿੱਚ ਬੁਰੀ ਤਰਾਂ ਹਾਰਨ ਤੋਂ ਬਾਅਦ ਸਿਆਸਤ ਹੀ ਛੱਡ ਜਾਣ ਕਰਕੇ ਇਸ ਹਲਕੇ ਦੇ ਟਕਸਾਲੀ ਅਕਾਲੀ ਆਗੂ ਟਿਕਟ ਲੈਣ ਲਈ ਜਿੱਥੇ ਅੱਕੀ ਪਲਾਹੀਂ ਹੱਥ ਮਾਰ ਰਹੇ ਹਨ, ਉੱਥੇ ਟਕਸਾਲੀ ਅਕਾਲੀ ਆਗੂ ਜਰਨੈਲ ਸਿੰਘ ਡੋਂਗਰਾਵਾਲਾ ਮੈਂਬਰ ਸ੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਮੁੱਖ ਦਾਅਵੇਦਾਰਾਂ ਵਿੱਚ ਪ੍ਰਮੁੱਖ ਹਨ।
ਇਸ ਸਬੰਧੀ ਪੰਜਾਬੀ ਜਾਗਰਣ ਦੇ ਸੁਹਿਰਦ ਪਾਠਕਾਂ ਲਈ ਜੋ ਸਿਆਸੀ ਸੂਝ ਬੂਝ ਰੱਖਦੇ ਹਨ, ਦੀ ਜਾਣਕਾਰੀ ਵਧਾਉਣ ਲਈ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਨਾਲ ਵਿਸੇਸ਼ ਬੈਠਕ ਕੀਤੀ ਗਈ। ਜਥੇਦਾਰ ਡੋਗਰਾਂਵਾਲਾ ਨੇ ਦਸਿਆ ਕਿ ਉਹ ਅੱਧੀ ਸਦੀ ਤੋਂ ਹੀ ਸ੍ਰੋਮਣੀ ਅਕਾਲੀ ਦਲ ਦੀਆਂ ਪੰਥਕ ਤੇ ਸਿਆਸੀ ਨੀਤੀਆਂ ਸਮਰਪਿਤ ਸੇਵਾ ਦੇ ਰਹੇ ਹਨ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਹੀ ਸ੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਹੈ, ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਹੀ ਉਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦਸਿਆ ਕਿ ਦੋ ਵਾਰ ਉਨ੍ਹਾਂ ਦੀ ਧਰਮ ਪਤਨੀ ਬੀਬੀ ਭਜਨ ਕੌਰ ਡੋਗਰਾਂਵਾਲਾ ਵੀ ਮੈਂਬਰ ਤੇ ਅੰਤ੍ਰਿਗ ਕਮੇਟੀ ਮੈਂਬਰ ਰਹੇ ਹਨ। ਉਨ੍ਹਾਂ ਦਸਿਆ ਕਿ ਪੰਥ ਦੇ ਲੋਕ ਨਾਇਕ ਪ੍ਰਕਾਸ਼ ਸਿੰਘ ਬਾਦਲ ਜੋ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਵੀ ਰਹੇ ਹਨ, ਦੀ ਯੋਗ ਅਗਵਾਈ ’ਚ ਪੰਜਾਬ ਦੇ ਹਿੱਤਾਂ ਖਾਤਰ ਜਦੋਂ ਵੀ ਮੋਰਚੇ ਲੱਗੇ ਤਾਂ ਅਸੀਂ ਉਨ੍ਹਾਂ ਦੇ ਸਿਪਾਹੀ ਬਣਕੇ ਅੱਜ ਤੱਕ ਲੜਦੇ ਆ ਰਹੇ ਹਾਂ। ਇਸੇ ਸੰਘਰਸ਼ ਦੌਰਾਨ ਉਹ ਢਾਈ ਸਾਲ ਜੇਲ੍ਹ ਵਿੱਚ ਰਹੇ। ਜਥੇਦਾਰ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਾ ਏਜੰਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਸੈਕੂਲਰ ਰਿਹਾ ਹੈ, ਅੱਜ ਵੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਵਿਚ ਦਲ ਦਾ ਗ੍ਰਾਫ ਲਗਾਤਾਰ ਵੱਧ ਰਿਹਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸ੍ਰੋਮਣੀ ਅਕਾਲ ਦਲ ਦੇ ਕਈ ਨੇਤਾ ਛੱਡ ਕੇ ਵੱਖਰੇ ਚੁੱਲ੍ਹੇ ਬਾਲ਼ ਕੇ ਨਵੇਂ ਅਕਾਲੀ ਦਲ ਸਿਰਜ ਕੇ ਵੱਖਰੇ ਤੌਰ ’ਤੇ ਮੈਦਾਨ ਵਿਚ ਉੱਤਰਨਗੇ, ਕੀ ਉਸ ਨਾਲ ਸ੍ਰੋਮਣੀ ਅਕਾਲੀ ਦਲ ’ਚ ਸੰਨ੍ਹ ਨਹੀ ਲੱਗੇਗੀ? ਉਨਾਂ ਕਿਹਾ ਕਿ ਕੁਝ ਇੱਕ ਮੌਕਾਪ੍ਰਸਤਾਂ ਦੇ ਚਲੇ ਜਾਣ ਨਾਲ ਸ੍ਰੋਮਣੀ ਅਕਾਲੀ ਦਲ ਨੂੰ ਕੋਈ ਨੁਕਸਾਨ ਨਹੀ ਹੋਇਆ ਬਲਕਿ ਬਲੈਕਮੇਲਿੰਗ ਤੋਂ ਬਚਾਅ ਹੋਇਆ ਹੈ, ਸਮਰਪਿਤ ਟਕਸਾਲੀ ਅਕਾਲੀ ਆਗੂਆਂ ਸਦਕਾ ਪਾਰਟੀ ਮਜ਼ਬੂਤ ਹੋਈ ਹੈ|
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀ ਸ੍ਰੋਮਣੀ ਅਕਾਲੀ ਦਲ ਦੇ ਟਕਸਾਲੀ ਜਥੇਦਾਰ ਹੋਣ ਦਾ ਟਿਕਟ ਲੈਣ ਲਈ ਦਾਅਵਾ ਤਾਂ ਕਰਦੇ ਹੋ, ਪਰ ਜੇਕਰ ਪਹਿਲਾਂ ਵਾਂਗ ਹੀ ਸੁਖਬੀਰ ਸਿੰਘ ਬਾਦਲ ਨੇ ਕਿਸੇ ਟਕਸਾਲੀ ਦੀ ਬਜਾਏ ਕਿਸੇ ਰਜਵਾੜੇ ਨੂੰ ਹੀ ਟਿਕਟ ਦੇ ਦਿੱਤੀ ਤਾਂ ਤੁਹਾਡਾ ਕੀ ਪ੍ਰਤੀਕਰਮ ਹੋਵੇਗਾ?
ਉਨ੍ਹਾਂ ਕਿਹਾ ਕਿ ਉਹ ਸ੍ਰੋਮਣੀ ਅਕਾਲੀ ਦਲ ਦੇ ਹੀ ਵਫਾਦਾਰ ਸਿਪਾਹੀ ਹਨ, ਇਹ ਤਾਂ ਪ੍ਰਧਾਨ ਸੁਖਬੀਰ ਬਾਦਲ ਆਪਣੀ ਸਿਆਸੀ ਦੂਰਦ੍ਰਿਸ਼ਟੀ ਨਾਲ ਜੋ ਵੀ ਫੈਸਲਾ ਲੈਣਗੇ, ਉਸ ਦਾ ਸਤਿਕਾਰ ਕਰਦੇ ਹੋਏ ਸ੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਪਹਿਲਾਂ ਵਾਂਗ ਸਮਰਪਿਤ ਹੀ ਰਹਾਂਗਾ।