ਸੁਲਤਾਨਪੁਰ ਲੋਧੀ ਤੋਂ ਜਥਾ ਪੰਥਕ ਕਾਨਫਰੰਸ ’ਚ ਸ਼ਾਮਲ ਹੋਇਆ
ਵਿਸ਼ਾਲ ਪੰਥਕ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਸੁਲਤਾਨਪੁਰ ਲੋਧੀ ਤੋਂ ਜਥਾ ਰਵਾਨਾ
Publish Date: Mon, 01 Jun 2026 07:15 PM (IST)
Updated Date: Mon, 01 Jun 2026 07:17 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਸਬੰਧੀ ਸਿੱਖਾਂ ਦੇ ਖਦਸ਼ਿਆਂ ਤੇ ਇਤਰਾਜ਼ਾਂ ਨੂੰ ਵਿਚਾਰਨ ਲਈ ਅੱਜ ਪਵਿੱਤਰ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਕ ਵਿਸ਼ਾਲ ਪੰਥਕ ਕਾਨਫਰੰਸ ਕਰਵਾਈ ਗਈ। ਇਸ ਪੰਥਕ ਇਕੱਠ ਵਿਚ ਹਾਜ਼ਰੀ ਲਗਵਾਉਣ ਲਈ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸੰਗਤਾਂ ਦਾ 10 ਬੱਸਾਂ ਦਾ ਕਾਫ਼ਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਤੇ ਮੈਂਬਰ ਬੀਬੀ ਗੁਰਪ੍ਰੀਤ ਕੌਰ ਤੇ ਇੰਜੀਨੀਅਰ ਸਵਰਨ ਸਿੰਘ ਦੀ ਹਾਜ਼ਰੀ ਵਿਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਲਈ ਰਵਾਨਾ ਹੋਇਆ। ਸੰਗਤਾਂ ਦੇ ਵਿਸ਼ਾਲ ਜਥੇ ਦੀ ਰਵਾਨਗੀ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਵੱਲੋਂ ਰਵਾਨਗੀ ਦੀ ਅਰਦਾਸ ਕੀਤੀ ਗਈ। ਜੈਕਾਰਿਆਂ ਦੀ ਗੂੰਜ ਵਿਚ ਸੰਗਤਾਂ ਦਾ ਵਿਸ਼ਾਲ ਜਥਾ ਪੰਥਕ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਤੇ ਮੈਂਬਰ ਬੀਬੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਜੋ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਪਾਸ ਕੀਤਾ ਗਿਆ ਸੀ, ਉਸ ਵਿਚ ਬਹੁਤ ਸਾਰੇ ਖਦਸ਼ੇ ਤੇ ਇਤਰਾਜ਼ ਸਿੱਖ ਸੰਗਤਾਂ ਵੱਲੋਂ ਕੀਤੇ ਗਏ ਸਨ ਤੇ ਪੰਜਾਬ ਸਰਕਾਰ ਨੂੰ ਇਨ੍ਹਾਂ ਇਤਰਾਜ਼ਾਂ ਤੇ ਖਦਸ਼ਿਆਂ ਨੂੰ ਦੂਰ ਕਰਨ ਲਈ ਅਪੀਲ ਕੀਤੀ ਗਈ ਸੀ ਪਰ ਸਰਕਾਰ ਵੱਲੋਂ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਖਦਸ਼ਿਆਂ ਤੇ ਇਤਰਾਜ਼ਾਂ ਨੂੰ ਵਿਚਾਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਜੋ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਪੰਥਕ ਕਾਨਫਰੰਸ ਕੀਤੀ ਗਈ ਹੈ, ਉਸ ਵਿੱਚ ਅੱਜ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਦਾ ਜਥਾ ਰਵਾਨਾ ਹੋਇਆ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਸਰਕਰਦਾ ਆਗੂ, ਸਿੱਖ ਸ਼ਖਸ਼ੀਅਤਾਂ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।