ਕਪੂਰਥਲਾ ਦੀ ਧੀ ਨੂੰ ਇਟਲੀ ਦੇ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ ਕਪੂਰਥਲਾ ਦੀ ਬੇਟੀ ਜੈਸਮੀਨ ਕੌਰ ਨੂੰ ਇਟਲੀ ਦੇ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ
Publish Date: Fri, 23 Oct 2026 08:42 PM (IST)
Updated Date: Fri, 23 Oct 2026 08:42 PM (IST)
ਲਗਾਤਾਰ 13 ਸਾਲ ਤੋਂ ਪੜ੍ਹਾਈ ਤੇ ਹੋਰ ਮੁਕਾਬਲਿਆਂ ’ਚ ਰਹੀ ਅੱਵਲ, ਯੂਰਪੀਅਨ ਯੂਨੀਅਨ ਦੀ ਰਹਿ ਚੁੱਕੀ ਮੈਂਬਰ ਪੰਜਾਬ ’ਚ ਲੜਕੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਮਾਪੇ : ਜੈਸਮੀਨ ਕੌਰ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਪੰਜਾਬੀਆਂ ਦੀਆਂ ਵਿਸ਼ਵ ਪੱਧਰ ’ਤੇ ਕੀਤੀਆਂ ਪ੍ਰਾਪਤੀਆਂ ਤੋਂ ਦੁਨੀਆਂ ਬਾਖੂ਼ਬੀ ਵਾਕਫ਼ ਹੈ ਤੇ ਵਿਦੇਸ਼ਾਂ ਦੀ ਧਰਤੀ ’ਤੇ ਪੰਜਾਬੀਆਂ ਦੀਆਂ ਵੱਡੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਸੁਨਹਿਰੀ ਅਧਿਆਏ ਉਸ ਸਮੇਂ ਜੁੜਿਆ ਜਦੋਂ ਕਪੂਰਥਲਾ ਦੇ ਪਿੰਡ ਸੁੰਨੜਵਾਲ ਦੇ ਪਰਿਵਾਰ ਤੇ ਪਿਤਾ ਜਸਵੰਤ ਸਿੰਘ ਮਾਤਾ ਮਨਜੀਤ ਕੌਰ ਧੀ ਜੈਸਮੀਨ ਕੌਰ ਨੇ ਆਪਣੀ ਅਣਥੱਕ ਮਿਹਨਤ ਤੇ ਲਗਨ ਸਦਕਾ ਸੂਬੇ ਤੇ ਦੇਸ਼ ਕੌਮ ਦਾ ਨਾਂ ਉੱਚਾ ਕਰਦਿਆਂ ਮੈਡੀਕਲ ਦੀ ਪੜ੍ਹਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਵਲ ਦਰਜਾ ਪ੍ਰਾਪਤ ਕਰਨ ’ਤੇ ਇਟਲੀ ਦੇ ਰਾਸ਼ਟਰਪਤੀ ਸੇਰਜੀਓ ਮੱਤਾਰੇਲਾ ਵੱਲੋਂ ਜੈਸਮੀਨ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਜੈਸਮੀਨ ਕੌਰ ਪਿਛਲੇ ਲਗਾਤਾਰ 13 ਸਾਲਾਂ ਤੋਂ ਪੜ੍ਹਾਈ ਵਿੱਚੋਂ ਅੱਵਲ ਆ ਰਹੀ ਹੈ ਤੇ ਯੂਰਪੀਅਨ ਯੂਨੀਅਨ ਪਾਰਲੀਮੈਂਟ ਦੀ ਮੈਂਬਰ ਵੀ ਰਹਿ ਚੁੱਕੀ ਹੈ ਤੇ ਇਟਲੀ ਦੇ ਸਕੂਲਾਂ ਦੀਆਂ ਸਕੂਲੀ ਉਲੰਪੀਅਨ ਖੇਡਾਂ ਵਿੱਚ ਵੀ ਅੱਵਲ ਰਹਿ ਚੁੱਕੀ ਹੈ। ਇਸ ਮੌਕੇ ਜੈਸਮੀਨ ਕੌਰ ਨੇ ਕਿਹਾ ਕਿ ਮੈਨੂੰ ਵਿਦੇਸ਼ੀ ਧਰਤੀ ’ਤੇ ਪੜ੍ਹਾਈ ਦੇ ਮੁਸ਼ਕਲ ਪੜਾਅ ਨੂੰ ਪਾਰ ਕਰਨ ਲਈ ਦਿਨ-ਰਾਤ ਦੀ ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ ਤੇ ਪਰਿਵਾਰ ਦਾ ਭਰਪੂਰ ਸਹਿਯੋਗ ਰਿਹਾ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਵਿੱਚ ਖਾਸਕਰ ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਲੜਕੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਤੇ ਅੱਗੇ ਆਉਣ ਦੇ ਮੌਕੇ ਦੇਣ। ਜੈਸਮੀਨ ਦੀ ਵਡਮੁੱਲੀ ਪ੍ਰਾਪਤੀ ਦਾ ਪਤਾ ਲੱਗਣ ’ਤੇ ਜੈਸਮੀਨ ਦੇ ਪਰਿਵਾਰ ਤੇ ਪਿੰਡ ਸੁੰਨੜਵਾਲ, ਕਾਲ਼ਾ ਸੰਘਿਆਂ ਤੇ ਹੋਰ ਨੇੜਲੇ ਪਿੰਡਾਂ ਵਿੱਚ ਚਰਚਾ ਦੇ ਨਾਲ਼-ਨਾਲ਼ ਖੁ਼ਸ਼ੀ ਦੀ ਲਹਿਰ ਦੌੜ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਜੈਸਮੀਨ ਦੀ ਵੱਡੀ ਭੈਣ ਨੂੰ ਵੀ ਇਟਲੀ ਦੇ ਰਾਸ਼ਟਰਪਤੀ ਦੁਆਰਾ ਸਨਮਾਨਿਤ ਕੀਤਾ ਜਾ ਚੁੱਕਾ ਹੈ ਤੇ ਇਟਲੀ ਦੇ ਰਾਸ਼ਟਰਪਤੀ ਵੱਲੋਂ ਜੈਸਮੀਨ ਨੂੰ ਮਿਲਿਆ ਇਹ ਸਨਮਾਨ ਗਵਾਹੀ ਭਰਦਾ ਹੈ ਕਿ ਜੇਕਰ ਨੌਜਵਾਨਾਂ ਵਿੱਚ ਹੌਸਲਾ ਤੇ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ, ਤਾਂ ਉਹ ਕਿਸੇ ਵੀ ਮੁਕਾਮ ਨੂੰ ਸਰ ਕਰ ਸਕਦੇ ਹਨ।