4 ਨੂੰ ਮਨਾਈ ਜਾਵੇਗੀ ਜਨਮ ਅਸ਼ਟਮੀ 4 ਸਤੰਬਰ ਨੂੰ ਮਨਾਈ ਜਾਵੇਗੀ ਜਨਮ ਅਸਟਮੀ
Publish Date: Tue, 01 Sep 2026 06:55 PM (IST)
Updated Date: Tue, 01 Sep 2026 06:58 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਇਸ ਸਾਲ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਪਾਵਨ ਜਨਮ ਅਸ਼ਟਮੀ ਤਿਉਹਾਰ 4 ਸਤੰਬਰ 2026, ਸ਼ੁੱਕਰਵਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਪਾਵਨ ਮੌਕੇ ਸੰਗਤਾਂ ਵੱਲੋਂ ਵਰਤ ਰੱਖਣ, ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ-ਅਰਚਨਾ ਕਰਨ ਤੇ ਰਾਤ ਸਮੇਂ ਜਨਮ ਉਤਸਵ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਸਬੰਧੀ ਜਾਣਕਾਰੀ ਦਿੰਦਿਆਂ ਜੋਤਿਸ਼ ਆਚਾਰਿਆ, ਸੈਲੀਬ੍ਰਿਟੀ ਐਸਟ੍ਰੋਲੋਜਰ ਤੇ ਵਾਸਤੂ ਮਾਹਿਰ ਡਾ. ਅਮਰਜੀਤ ਗੋਗਨਾ ਨੇ ਕਿਹਾ ਕਿ ਜਨਮ ਅਸ਼ਟਮੀ ਕੇਵਲ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਦਾ ਤਿਉਹਾਰ ਨਹੀਂ, ਸਗੋਂ ਇਹ ਭਗਤੀ, ਪ੍ਰੇਮ, ਸ਼ਰਧਾ, ਸਾਤਵਿਕਤਾ ਤੇ ਸਕਾਰਾਤਮਕ ਜੀਵਨ ਦਾ ਸੰਦੇਸ਼ ਦੇਣ ਵਾਲਾ ਪਵਿੱਤਰ ਮੌਕਾ ਹੈ। ਡਾ. ਗੋਗਨਾ ਨੇ ਦੱਸਿਆ ਕਿ ਜਨਮ ਅਸ਼ਟਮੀ ਮੌਕੇ ਲੱਡੂ ਗੋਪਾਲ ਜੀ ਨੂੰ ਮੱਖਣ-ਮਿਸ਼ਰੀ ਦਾ ਭੋਗ ਲਗਾਉਣਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਤੋਂ ਇਲਾਵਾ ਪੰਜੀਰੀ, ਮਖਾਣਿਆਂ ਦੀ ਖੀਰ, ਦੁੱਧ ਤੋਂ ਬਣੀਆਂ ਮਿਠਾਈਆਂ, ਫਲ, ਸੁੱਕੇ ਮੇਵੇ ਤੇ ਹੋਰ ਸਾਤਵਿਕ ਪਕਵਾਨ ਵੀ ਭੋਗ ਵਜੋਂ ਅਰਪਿਤ ਕੀਤੇ ਜਾ ਸਕਦੇ ਹਨ। ਕਈ ਧਾਰਮਿਕ ਪਰੰਪਰਾਵਾਂ ਵਿੱਚ ਤੁਲਸੀ ਦਲ ਨੂੰ ਵੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ ਤੇ ਭੋਗ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਨੂੰ ਭੋਗ ਲਗਾਉਂਦੇ ਸਮੇਂ ਭੋਜਨ ਦੀ ਕੀਮਤ ਨਾਲੋਂ ਉਸ ਦੀ ਸ਼ੁੱਧਤਾ ਤੇ ਭਗਤ ਦੀ ਭਾਵਨਾ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਸਾਫ਼-ਸੁਥਰੀ ਰਸੋਈ ਤੇ ਪੂਜਾ ਸਥਾਨ ਵਿੱਚ ਪ੍ਰੇਮ ਤੇ ਸ਼ਰਧਾ ਨਾਲ ਤਿਆਰ ਕੀਤਾ ਗਿਆ ਸਧਾਰਨ ਸਾਤਵਿਕ ਭੋਜਨ ਵੀ ਭਗਵਾਨ ਨੂੰ ਬਹੁਤ ਪਿਆਰਾ ਲੱਗਦਾ ਹੈ। ਪਿਆਜ਼-ਲਸਣ ਤੇ ਤਾਮਸਿਕ ਭੋਜਨ ਤੋਂ ਬਚਣ ਦੀ ਅਪੀਲ ਡਾ. ਅਮਰਜੀਤ ਗੋਗਨਾ ਨੇ ਕਿਹਾ ਕਿ ਜਨਮ ਅਸ਼ਟਮੀ ਦੇ ਭੋਗ ਵਿੱਚ ਪਿਆਜ਼ ਤੇ ਲਸਣ ਦੀ ਵਰਤੋਂ ਨਾ ਕਰਨ ਦੀ ਧਾਰਮਿਕ ਪਰੰਪਰਾ ਹੈ। ਇਸ ਤੋਂ ਇਲਾਵਾ ਮਾਸਾਹਾਰੀ ਤੇ ਹੋਰ ਤਾਮਸਿਕ ਭੋਜਨ ਤੋਂ ਵੀ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਸੀ, ਅਸ਼ੁੱਧ ਜਾਂ ਖ਼ਰਾਬ ਖਾਣ-ਪੀਣ ਵਾਲੀ ਸਮੱਗਰੀ ਭਗਵਾਨ ਨੂੰ ਅਰਪਿਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਭੋਗ ਤਿਆਰ ਕਰਨ ਤੋਂ ਪਹਿਲਾਂ ਰਸੋਈ ਤੇ ਪੂਜਾ ਸਥਾਨ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਵੇ। ਭੋਗ ਨੂੰ ਸਾਤਵਿਕ ਢੰਗ ਨਾਲ ਤਿਆਰ ਕਰਕੇ ਪਹਿਲਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਅਰਪਿਤ ਕੀਤਾ ਜਾਵੇ ਤੇ ਉਸ ਤੋਂ ਬਾਅਦ ਹੀ ਪ੍ਰਸਾਦ ਵਜੋਂ ਗ੍ਰਹਿਣ ਕੀਤਾ ਜਾਵੇ। ਡਾ. ਗੋਗਨਾ ਨੇ ਕਿਹਾ ਕਿ ਜਨਮ ਅਸ਼ਟਮੀ ਮੌਕੇ ਲੱਡੂ ਗੋਪਾਲ ਜੀ ਦਾ ਅਭਿਸ਼ੇਕ, ਸ਼ਿੰਗਾਰ, ਆਰਤੀ, ਭਜਨ-ਕੀਰਤਨ ਤੇ ਧਾਰਮਿਕ ਸਮਾਗਮ ਕਰਵਾਉਣ ਨਾਲ ਮਾਹੌਲ ਭਗਤੀਮਈ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਦਿਹਾੜੇ ਦਾ ਅਸਲ ਸੰਦੇਸ਼ ਜੀਵਨ ਵਿੱਚ ਪ੍ਰੇਮ, ਭਗਤੀ, ਆਨੰਦ, ਨਿਮਰਤਾ ਤੇ ਸਕਾਰਾਤਮਕਤਾ ਨੂੰ ਅਪਣਾਉਣਾ ਹੈ। ਅੰਤ ਵਿੱਚ ਜੋਤਿਸ਼ ਆਚਾਰਿਆ ਡਾ. ਅਮਰਜੀਤ ਗੋਗਨਾ ਨੇ ਕਿਹਾ ਕਿ ਹਰ ਪਰਿਵਾਰ ਆਪਣੀ ਧਾਰਮਿਕ ਪਰੰਪਰਾ ਤੇ ਮਾਨਤਾਵਾਂ ਅਨੁਸਾਰ ਜਨਮ ਅਸ਼ਟਮੀ ਦੀ ਪੂਜਾ ਤੇ ਭੋਗ ਦੀ ਵਿਧੀ ਅਪਣਾ ਸਕਦਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਪ੍ਰੇਮ, ਸ਼ਰਧਾ ਤੇ ਸਾਤਵਿਕ ਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ।