ਰੇਲ ਕੋਚ ਫੈਕਟਰੀ ਵਿਖੇ ਜਨਜਾਤੀ ਗੌਰਵ ਦਿਵਸ ਮਨਾਇਆ ਰੇਲ ਕੋਚ ਫੈਕਟਰੀ ਵਿਖੇ ਜਨਜਾਤੀ ਗੌਰਵ ਦਿਵਸ ਮਨਾਇਆ
Publish Date: Sun, 15 Nov 2026 08:20 PM (IST)
Updated Date: Sun, 15 Nov 2026 08:21 PM (IST)
--ਭਗਵਾਨ ਬਿਰਸਾ ਮੁੰਡਾ ਨੂੰ ਫੁੱਲਾਂ ਦੀ ਸ਼ਰਧਾਂਜਲੀ ਭੇਟ ਕਰਕੇ ਕੀਤਾ ਨਮਨ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜਨਜਾਤੀ ਗੌਰਵ ਦਿਵਸ ਦੇ ਮੌਕੇ ਤੇ ਰੇਲ ਕੋਚ ਫੈਕਟਰੀ (ਆਰਸੀਐੱਫ), ਕਪੂਰਥਲਾ ਵਿਖੇ ਮਹਾਨ ਆਜ਼ਾਦੀ ਘੁਲਾਟੀਏ ਭਗਵਾਨ ਬਿਰਸਾ ਮੁੰਡਾ ਨੂੰ ਫੁੱਲਾਂ ਦੀ ਸ਼ਰਧਾਂਜਲੀ ਭੇਟ ਕਰਕੇ ਉਨ੍ਹਾਂ ਦੇ ਅਮੁੱਲੇ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਤੇ ਕਬਾਇਲੀ ਭਾਈਚਾਰਿਆਂ ਦੇ ਅਧਿਕਾਰਾਂ ਤੇ ਸਨਮਾਨ ਦੀ ਰੱਖਿਆ ਲਈ ਕੀਤੇ ਗਏ ਅਣਥੱਕ ਸੰਘਰਸ਼ ਨੂੰ ਸ਼ਰਧਾਪੂਰਵਕ ਨਮਨ ਕੀਤਾ ਗਿਆ। ਭਗਵਾਨ ਬਿਰਸਾ ਮੁੰਡਾ ਇੱਕ ਮਹਾਨ ਕਬਾਇਲੀ ਆਜ਼ਾਦੀ ਘੁਲਾਟੀਏ ਸਨ। ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਵਿਰੁੱਧ ਉਨ੍ਹਾਂ ਦੇ ਅਦੁੱਤੀ ਸਾਹਸ, ਸ਼ਾਨਦਾਰ ਅਗਵਾਈ ਤੇ ਸੰਘਰਸ਼ ਦੀ ਭਾਵਨਾ ਨੇ ਉਨ੍ਹਾਂ ਨੂੰ ਕਬਾਇਲੀ ਮਾਣ ਤੇ ਸਵੈ-ਮਾਣ ਦਾ ਸਦੀਵੀ ਪ੍ਰਤੀਕ ਬਣਾ ਦਿੱਤਾ। ਉਨ੍ਹਾਂ ਦਾ ਜੀਵਨ ਤੇ ਸੰਘਰਸ਼ ਭਾਰਤ ਦੇ ਕਬਾਇਲੀ ਭਾਈਚਾਰਿਆਂ ਦੀ ਤਾਕਤ, ਦ੍ਰਿੜ੍ਹਤਾ ਤੇ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ। ਜਨਜਾਤੀ ਗੌਰਵ ਦਿਵਸ ਹਰ ਸਾਲ 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਵਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਵਸ ਦਾ ਉਦੇਸ਼ ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਕਬਾਇਲੀ ਆਜ਼ਾਦੀ ਘੁਲਾਟੀਆਂ ਦੇ ਮਹੱਤਵਪੂਰਨ ਯੋਗਦਾਨ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਹੈ। ਭਗਵਾਨ ਬਿਰਸਾ ਮੁੰਡਾ ਦਾ ਜਨਮ 1875 ਵਿੱਚ ਹੋਇਆ ਸੀ ਤੇ ਸਿਰਫ਼ 25 ਸਾਲ ਦੀ ਉਮਰ ਵਿੱਚ ਸਾਲ 1900 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਉਹ ਮੁੰਡਾ ਕਬੀਲੇ ਨਾਲ ਸਬੰਧਤ ਇੱਕ ਮਹਾਨ ਆਜ਼ਾਦੀ ਘੁਲਾਟੀਏ, ਧਾਰਮਿਕ ਆਗੂ ਤੇ ਲੋਕ ਨਾਇਕ ਸਨ। ਉਨ੍ਹਾਂ ਨੂੰ ਸਤਿਕਾਰ ਨਾਲ ਧਰਤੀ ਆਬਾ (ਧਰਤੀ ਦੇ ਪਿਤਾ) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਤੇ ਕਬਾਇਲੀ ਭਾਈਚਾਰਿਆਂ ਦੇ ਸ਼ੋਸ਼ਣ ਵਿਰੁੱਧ ਇੱਕ ਜ਼ੋਰਦਾਰ ਸੰਘਰਸ਼ ਦੀ ਅਗਵਾਈ ਕੀਤੀ। ਇਸ ਮੌਕੇ ਆਰਸੀਐੱਫ ਦੇ ਮਹਾਪ੍ਰਬੰਧਕ ਅਜੈ ਨੰਦਨ ਨੇ ਭਗਵਾਨ ਬਿਰਸਾ ਮੁੰਡਾ ਨੂੰ ਫੁੱਲਾਂ ਦੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੇ ਨਾਲ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਇਸ ਮਹਾਨ ਆਜ਼ਾਦੀ ਘੁਲਾਟੀਏ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਹਾਜ਼ਰ ਸਾਰਿਆਂ ਨੇ ਉਨ੍ਹਾਂ ਪ੍ਰਤੀ ਡੂੰਘਾ ਸਤਿਕਾਰ ਪ੍ਰਗਟ ਕਰਦਿਆਂ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਸੰਕਲਪ ਕੀਤਾ। ਭਗਵਾਨ ਬਿਰਸਾ ਮੁੰਡਾ ਦਾ ਜੀਵਨ ਸਾਹਸ, ਸਵੈ-ਮਾਣ, ਨਿਆਂ ਤੇ ਆਪਣੇ ਭਾਈਚਾਰੇ ਤੇ ਦੇਸ਼ ਪ੍ਰਤੀ ਅਟੁੱਟ ਸਮਰਪਣ ਵਰਗੇ ਸਦੀਵੀ ਮੁੱਲਾਂ ਦੀ ਪ੍ਰੇਰਨਾ ਦਿੰਦਾ ਰਹੇਗਾ।