- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਲ੍ਹਾਂ ਦੀਆਂ ਕੰਧਾਂ ਪੰਜਾਬ ਦੀ ਆਵਾਜ਼ ਨੂੰ ਕੈਦ ਨਹੀਂ ਕਰ ਸਕਦੀਆਂ : ਗੁਰਦੀਪ ਸਿੰਘ ਭੰਡਾਲ

-ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਰਿਹਾਈ ਲਈ 28 ਜੁਲਾਈ ਨੂੰ ਚੰਡੀਗੜ੍ਹ ਵੱਲ ਜਾਵੇਗਾ ਕਾਫਲਾ
-ਲੋਕਤੰਤਰ ਦੇ ਘਾਣ ਖ਼ਿਲਾਫ਼ ਇਕਜੁੱਟ ਹੋਣ ਲੋਕ
ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ, ਫੱਤੂਢੀਗਾ :
ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੀ ਪਲੇਠੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਜ਼ਿਲ੍ਹਾ ਟੀਮ, ਸ਼ਹਿਰੀ ਟੀਮ ਅਤੇ ਯੂਥ ਵਿੰਗ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਪਾਰਟੀ ਦੇ ਜਥੇਬੰਦਕ ਵਧਾਰੇ-ਪਸਾਰੇ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਦੇ ਮੁੱਦੇ ’ਤੇ ਤਿੱਖੀ ਵਿਚਾਰ-ਚਰਚਾ ਕੀਤੀ ਗਈ ।ਇਸ ਮੌਕੇ ਗੁਰਦੀਪ ਸਿੰਘ ਭੰਡਾਲ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਰੱਖ ਕੇ ਪੰਜਾਬ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਸਰਕਾਰ ਇਹ ਗੱਲ ਯਾਦ ਰੱਖੇ ਕਿ ਜੇਲ੍ਹਾਂ ਦੀਆਂ ਉੱਚੀਆਂ ਕੰਧਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਕੈਦ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਦੇ ਲੋਕਾਂ ਵੱਲੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਨੂੰ ਸੰਸਦ ਵਿੱਚ ਆਪਣੇ ਹਲਕੇ ਦੀ ਆਵਾਜ਼ ਬੁਲੰਦ ਕਰਨ ਤੋਂ ਰੋਕਣਾ ਲੋਕਤੰਤਰ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ’ਤੇ ਸਿੱਧਾ ਹਮਲਾ ਹੈ । ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਦੇ ਵੋਟ ਨਾਲ ਚੁਣੇ ਨੁਮਾਇੰਦੇ ਨੂੰ ਹੀ ਲੋਕਾਂ ਤੋਂ ਦੂਰ ਕਰ ਦਿੱਤਾ ਜਾਵੇ ਤਾਂ ਇਹ ਸਿਰਫ਼ ਇੱਕ ਵਿਅਕਤੀ ਨਾਲ ਧੱਕਾ ਨਹੀਂ, ਬਲਕਿ ਉਸ ਨੂੰ ਚੁਣਨ ਵਾਲੇ ਲੱਖਾਂ ਲੋਕਾਂ ਦੇ ਜਮਹੂਰੀ ਹੱਕਾਂ ਦੀ ਅਣਦੇਖੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਆਖ਼ਰ ਲੋਕਤੰਤਰ ਵਿੱਚ ਲੋਕਾਂ ਦੇ ਫ਼ੈਸਲੇ ਦੀ ਕਦੋਂ ਕਦਰ ਹੋਵੇਗੀ? ਗੁਰਦੀਪ ਸਿੰਘ ਭੰਡਾਲ ਨੇ ਐਲਾਨ ਕੀਤਾ ਕਿ 28 ਜੁਲਾਈ ਨੂੰ ਜ਼ਿਲ੍ਹਾ ਕਪੂਰਥਲਾ ਤੋਂ ਸੈਂਕੜੇ ਗੱਡੀਆਂ ਦਾ ਵਿਸ਼ਾਲ ਕਾਫਲਾ ਚੰਡੀਗੜ੍ਹ ਵੱਲ ਕੂਚ ਕਰੇਗਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਦੇ ਘਿਰਾਓ ਵਿੱਚ ਸ਼ਮੂਲੀਅਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਇੱਕ ਵਿਅਕਤੀ ਲਈ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੇ ਜਮਹੂਰੀ ਹੱਕਾਂ, ਲੋਕਾਂ ਦੀ ਆਵਾਜ਼ ਅਤੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਲਈ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ 28 ਜੁਲਾਈ ਦਾ ਦਿਨ ਪੰਜਾਬ ਦੀ ਜਮਹੂਰੀ ਆਵਾਜ਼ ਨੂੰ ਬੁਲੰਦ ਕਰਨ ਦਾ ਦਿਨ ਬਣਾਇਆ ਜਾਵੇ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਸੰਘਰਸ਼ ਦਾ ਹਿੱਸਾ ਬਣਿਆ ਜਾਵੇ। ਮੀਟਿੰਗ ’ਚ ਜਥੇ. ਨਰਿੰਦਰ ਸਿੰਘ ਖੁਸਰੋਪੁਰ, ਜਥੇਦਾਰ ਰਛਪਾਲ ਸਿੰਘ, ਕਮਲਜੀਤ ਸਿੰਘ ਮਠਾੜੂ, ਨਰਿੰਦਰ ਪਾਲ ਸਿੰਘ, ਸੁਖਦੇਵ ਸਿੰਘ ਖੀਰਾਂਵਾਲੀ, ਅਮਰਜੀਤ ਸਿੰਘ ਨਿਜ਼ਾਮਪੁਰ, ਮਹਿੰਦਰ ਸਿੰਘ ਨੂਰਪੁਰ, ਗੁਰਚਰਨ ਸਿੰਘ ਰੱਤੜਾ, ਕੈਪਟਨ ਲਖਵਿੰਦਰ ਸਿੰਘ, ਪ੍ਰੇਮ ਸਿੰਘ ਖਾਲਸਾ, ਹਰਮਿੰਦਰਪਾਲ ਸਿੰਘ, ਅੱਛਰ ਸਿੰਘ ਗਡਾਨਾ, ਅਵਤਾਰ ਸਿੰਘ ਐਮ.ਸੀ., ਸੂਬੇਦਾਰ ਸੁਰਿੰਦਰ ਸਿੰਘ ਸਮੇਤ ਜ਼ਿਲ੍ਹਾ, ਸ਼ਹਿਰੀ ਅਤੇ ਯੂਥ ਵਿੰਗ ਦੇ ਆਗੂ ਹਾਜ਼ਰ ਸਨ।