ਫਾਸ਼ੀ ਹਮਲਿਆਂ ਖਿਲਾਫ਼ ਕੱਢੀ ਜਾਗੋ ਫਾਸ਼ੀ ਹਮਲਿਆਂ ਖਿਲਾਫ਼ 26 ਸਤੰਬਰ ਮੋਗਾ ਰੈਲੀ ਦਾ ਸੁਨੇਹਾ ਦੇਣ ਲਈ ਕੱਢੀ ਜਾਗੋ
Publish Date: Tue, 22 Sep 2026 07:14 PM (IST)
Updated Date: Tue, 22 Sep 2026 07:15 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਵਲੋਂ ਭਾਜਪਾ-ਆਰਐੱਸਐੱਸ ਦੇ ਫਾਸ਼ੀ ਹਮਲਿਆਂ ਖਿਲਾਫ਼ 26 ਸਤੰਬਰ ਨੂੰ ਦਾਣਾ ਮੰਡੀ ਮੋਗਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਵਿਸ਼ਾਲ ਰੈਲੀ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਿਆਰੀ ਵਜੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿੰਡ ਬੂਲੇਵਾਲ ਤੇ ਪਸੀਏਵਾਲ ਵਿਖੇ ਜਾਗੋ ਕੱਢੀ ਗਈ। ਇਸ ਮੌਕੇ ਕਿਰਤੀਆਂ ਕਾਮਿਆਂ ਨੂੰ ਰੈਲੀ ਵਿਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਕਿਹਾ ਕਿ ਭਾਜਪਾ-ਆਰਐੱਸਐੱਸ ਦੀ ਮੋਦੀ ਸਰਕਾਰ ਦੇਸ਼ ਦਾ ਸੰਵਿਧਾਨ ਤੇ ਜਮਹੂਰੀਅਤ ਖ਼ਤਮ ਕਰਕੇ ਦੇਸ਼ ਵਿਚ ਤਾਨਾਸ਼ਾਹੀ ਲਿਆਉਣਾ ਚਾਹੁੰਦੀ ਹੈ। ਇਸ ਲਈ ਸਰਕਾਰੀ ਨੀਤੀਆਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਦਬਾਇਆ ਜਾ ਰਿਹਾ ਹੈ। ਨਿੱਤ ਨਵੇਂ ਨਵੇਂ ਕਾਲੇ ਕਾਨੂੰਨ ਘੜੇ ਜਾ ਰਹੇ ਹਨ, ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਸੁਟਿਆ ਜਾ ਰਿਹਾ ਹੈ। ਇਥੋਂ ਤੱਕ ਕਿ ਸੰਸਦ ਦੀ ਮਰਿਆਦਾ ਨੂੰ ਖੁੱਦ ਹੀ ਤਾਰ-ਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਪ੍ਰਬੰਧ ਪੰਜਾਬ ਹਵਾਲੇ ਕਰਨ, ਚੰਡੀਗੜ੍ਹ ਪੰਜਾਬ ਨੂੰ ਦੇਣ, ਸਾਰੇ ਸਿਆਸੀ ਕਾਰਕੁਨਾਂ ਤੇ ਸਿੱਖਾਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ, ਮਗਨਰੇਗਾ ਕਾਨੂੰਨ ਬਹਾਲ ਕਰਨ, ਰੱਦ ਕੀਤੇ ਲੇਬਰ ਕਾਨੂੰਨ ਬਹਾਲ ਕਰਨ, ਲੋਕਾਂ ਦੇ ਘਰਾਂ ’ਚ ਹਨੇਰਾ ਕਰਨ ਤੇ ਹੋਰ ਲੋਕਾਂ ਉੱਤੇ ਅਥਾਹ ਬੋਝ ਪਾਉਣ ਵਾਲੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ, ਯੂਏਪੀਏ, ਐਸਮਾ ਤੇ ਹੋਰ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਮੋਗਾ ਰੈਲੀ ਵਿੱਚ ਮਿਹਨਤੀ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਤਹਿਸੀਲ ਆਗੂ ਅਮਰੀਕ ਸਿੰਘ ਬੂਲੇਵਾਲ ਆਦਿ ਨੇ ਵੀ ਸੰਬੋਧਨ ਕੀਤਾ।