ਜਗਦੀਸ਼ ਰਾਣਾ ਦੀ ਪੁਸਤਕ ਸਾਂਭਣਯੋਗ ਦਸਤਾਵੇਜ਼ : ਸੰਧੂ ਵਰਿਆਣਵੀ ਜਗਦੀਸ਼ ਰਾਣਾ ਦੀ ਪੁਸਤਕ ਸ਼ਾਇਰਾਂ ਦੀ ਦੁਨੀਆਂ -3 ਸਾਂਭਣਯੋਗ ਦਸਤਾਵੇਜ਼ :ਸੰਧੂ ਵਰਿਆਣਵੀ, ਨਵਤੇਜ ਗੜ੍ਹਦੀਵਾਲਾ
Publish Date: Mon, 17 Aug 2026 07:42 PM (IST)
Updated Date: Mon, 17 Aug 2026 07:45 PM (IST)
ਨਵਤੇਜ ਗੜ੍ਹਦੀਵਾਲਾ ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬੀ ਜ਼ੁਬਾਨ ਦੇ ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਦੀ ਨਵੀਂ ਆਈ ਪੁਸਤਕ ਸ਼ਾਇਰਾਂ ਦੀ ਦੁਨੀਆਂ ਭਾਗ-3 ਲੋਕ ਅਰਪਣ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ. ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਤੇ ਸਾਹਿਤ ਅਕਾਦਮੀ ਲੁਧਿਆਣਾ ਦੇ ਸਕੱਤਰ ਉੱਘੇ ਸਾਹਿਤਕਾਰ ਨਵਤੇਜ ਗੜ੍ਹਦੀਵਾਲਾ ਨੇ ਕਿਹਾ ਕਿ ਜਗਦੀਸ਼ ਰਾਣਾ ਪਿਛਲੇ ਕੁਝ ਸਾਲਾਂ ਤੋਂ ਨਿਰੰਤਰ ਸ਼ਾਇਰਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦੇ ਹੋਏ ਸ਼ਬਦ ਚਿੱਤਰ ਲਿਖਦਾ ਆ ਰਿਹਾ ਹੈ। ਉਹ ਪਹਿਲਾਂ ਵੀ ਦੋ ਪੁਸਤਕਾਂ ਸ਼ਾਇਰਾਂ ਦੀ ਦੁਨੀਆਂ ਭਾਗ-1 ਤੇ ਭਾਗ-2 ਪ੍ਰਕਾਸ਼ਿਤ ਕਰ ਚੁੱਕਾ ਹੈ, ਜਿਨ੍ਹਾਂ ਵਿੱਚ 100 ਦੇ ਕਰੀਬ ਸ਼ਾਇਰ ਸ਼ਾਮਲ ਸਨ। ਹੁਣ ਜਗਦੀਸ਼ ਰਾਣਾ ਨੇ ਪੰਜਾਬੀ ਦੇ ਗੌਲ਼ੇ-ਅਣਗੌਲ਼ੇ 25 ਸ਼ਾਇਰਾਂ ਬਾਰੇ ਲਿਖੇ ਸ਼ਬਦ ਚਿੱਤਰ ਸ਼ਾਇਰਾਂ ਦੀ ਦੁਨੀਆਂ ਭਾਗ-3 ਵਿੱਚ ਪ੍ਰਕਾਸ਼ਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਜਗਦੀਸ਼ ਰਾਣਾ ਇੱਕ ਕਿਸਮ ਨਾਲ਼ ਇਤਿਹਾਸਕ ਕਾਰਜ ਕਰ ਰਿਹਾ ਹੈ ਜਦਕਿ ਇਹ ਕੰਮ ਸਾਹਿਤ ਅਕਾਦਮੀਆਂ, ਭਾਸ਼ਾ ਵਿਭਾਗ ਪੰਜਾਬ ਜਾਂ ਯੂਨੀਵਰਸਿਟੀਆਂ ਵਿੱਚ ਬੈਠੇ ਵਿਦਵਾਨਾਂ ਦੇ ਕਰਨ ਵਾਲ਼ਾ ਕੰਮ ਸੀ। ਪ੍ਰੋ. ਸੰਧੂ ਵਰਿਆਣਵੀ ਨੇ ਕਿਹਾ ਕਿ ਜਗਦੀਸ਼ ਰਾਣਾ ਦੁਆਰਾ ਸ਼ਾਇਰਾਂ ਬਾਰੇ ਕੀਤੇ ਜਾ ਰਹੇ ਇਸ ਖੋਜ ਭਰਪੂਰ ਕਾਰਜ ਦਾ ਭਾਸ਼ਾ ਵਿਭਾਗ ਪੰਜਾਬ ਤੇ ਸਾਹਿਤ ਅਕਾਦਮੀ ਨੂੰ ਨੋਟਿਸ ਲੈਣਾ ਚਾਹੀਦਾ ਹੈ। ਜਗਦੀਸ਼ ਰਾਣਾ ਨੇ ਇਸ ਮੌਕੇ ਕਿਹਾ ਕਿ ਉਹ ਸ਼ਬਦ ਚਿੱਤਰ ਲਿਖ ਕੇ ਪੰਜਾਬ ਦੇ ਅਜਿਹੇ ਸ਼ਾਇਰਾਂ ਨੂੰ ਸਾਂਭਣਾ ਚਾਹੁੰਦਾ ਹੈ ਜੋ ਗੁੰਮਨਾਮੀ ਦੇ ਹਨ੍ਹੇਰੇ ਵਿੱਚ ਇੱਕ ਤਰ੍ਹਾਂ ਨਾਲ਼ ਗੁਆਚ ਹੀ ਗਏ ਹਨ। ਮੌਕੇ ’ਤੇ ਹਾਜ਼ਰ ਨਾਮਵਰ ਸ਼ਾਇਰ ਨੱਕਾਸ਼ ਚਿੱਤੇਵਾਣੀ ਨੇ ਕਿਹਾ ਕਿ ਸ਼ਾਇਰਾਂ ਦੀ ਦੁਨੀਆਂ ਭਾਗ-3 ਵਿੱਚ ਉਸ ਬਾਰੇ ਵੀ ਵਿਸਥਾਰਤ ਸ਼ਬਦ ਚਿੱਤਰ ਸ਼ਾਮਲ ਹੈ ਤੇ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਸ਼ਾਇਰ ਸੋਹਣ ਸਿੰਘ ਭਿੰਡਰ ਪਟਵਾਰੀ ਨੇ ਕਿਹਾ ਕਿ ਜਗਦੀਸ਼ ਰਾਣਾ ਨੇ ਆਪਣੀ ਮਿਹਨਤ ਲਗਨ ਤੇ ਦ੍ਰਿੜ੍ਹਤਾ ਨਾਲ਼ ਨਿਵੇਕਲਾ ਤੇ ਵੱਖਰਾ ਕਾਰਜ ਕਰ ਦਿਖਾਇਆ ਹੈ।