"ਪੁਸਤਕਾਂ" ਜ਼ਿੰਦਗੀ ਦਾ ਇੱਕ ਹਿੱਸਾ ਹਨ : ਜਗਦੀਸ਼ ਰਾਣਾ "ਪੁਸਤਕਾਂ" ਜ਼ਿੰਦਗੀ ਦਾ ਇੱਕ ਹਿੱਸਾ ਹਨ- ਜਗਦੀਸ਼ ਰਾਣਾ
Publish Date: Sat, 31 Oct 2026 09:41 PM (IST)
Updated Date: Sat, 31 Oct 2026 09:43 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਚੱਲ ਰਹੇ ਗ਼ਦਰੀ ਬਾਬਿਆਂ ਦੇ ਤਿੰਨ ਦਿਨਾਂ ਮੇਲੇ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਆਪਣੀਆਂ ਪੁਸਤਕਾਂ ਸ਼ਾਇਰਾਂ ਦੀ ਦੁਨੀਆਂ ਭਾਗ 1, ਭਾਗ 2, ਭਾਗ 3 ਤੇ ਨਵਾਂ ਆਇਆ ਆਪਣਾ ਗ਼ਜ਼ਲ ਸੰਗ੍ਰਹਿ ਪਥਰੀਲਾ ਜੰਗਲ ਨਾਮਵਰ ਸਾਹਿਤਕਾਰਾਂ ਤੇ ਆਪਣੇ ਸ਼ੁਭ ਚਿੰਤਕਾਂ ਨੂੰ ਪਿਆਰ ਸਹਿਤ ਭੇਟ ਕੀਤਾ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ , ਕਿ ਪੰਜਾਬੀਆਂ ਨੂੰ ਕਿਤਾਬਾਂ ਨਾਲ਼ ਵੱਧ ਤੋਂ ਵੱਧ ਸਾਂਝ ਪਾਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਭਾਰੀ ਗਿਣਤੀ ਵਿੱਚ ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਮੇਲੇ ਵਿੱਚ ਆਉਣ ਤੇ ਇੱਥੇ ਵੱਖ-ਵੱਖ ਪ੍ਰਕਾਸ਼ਕਾਂ ਤੇ ਕਿਤਾਬ-ਵਿਕ੍ਰੇਤਾਵਾਂ ਦੁਆਰਾ ਲਗਾਏ ਗਏ ਕਿਤਾਬਾਂ ਦੇ ਸਟਾਲਾਂ ਤੋਂ ਕਿਤਾਬਾਂ ਜ਼ਰੂਰ ਖਰੀਦਣ ਕਿਉਂਕਿ ਕਿਤਾਬਾਂ ਭਾਵੇਂ ਖ਼ੁਦ ਨਹੀਂ ਬੋਲਦੀਆਂ ਪਰ ਜਿਹੜਾ ਪੜ੍ਹ ਲੈਂਦੈ, ਉਸਨੂੰ ਬੋਲਣ ਲਾ ਦਿੰਦੀਆਂ ਹਨ। ਜਗਦੀਸ਼ ਰਾਣਾ ਨੇ ਕਿਹਾ ਕਿ ਅੱਜ ਮੇਲੇ ਵਿੱਚ ਦਰਸ਼ਨ ਬੁੱਟਰ, ਮੱਖਣ ਕੁਹਾੜ, ਹਰਦਿਆਲ ਹੁਸ਼ਿਆਰਪੁਰੀ, ਸਰਬਜੀਤ ਸਿੰਘ ਸੰਧੂ, ਸੁਖਰਾਜ ਕੈਫੇ, ਡਾ. ਮੋਹਨ ਬੇਗੋਵਾਲ, ਜਗਤਾਰ ਗਿੱਲ, ਹਰਜੀਤ ਸਿੰਘ ਸੰਧੂ, ਮੋਹਨ ਸਿੰਘ ਮੋਤੀ, ਜਸਵੀਰ ਬੇਗ਼ਮਪੁਰੀ, ਸਤਨਾਮ ਸਿੰਘ ਕੈਂਥ, ਚਮਨ ਲਾਲ ਚਣਕੋਆ, ਕੁਲਦੀਪ ਸਿੰਘ ਬੇਦੀ ਤੇ ਹੋਰ ਪ੍ਰਸਿੱਧ ਸਾਹਿਤਕਾਰ ਮਿਲ਼ੇ, ਜਿਨ੍ਹਾਂ ਨਾਲ਼ ਸਾਹਿਤਕ ਵਿਚਾਰਾਂ ’ਤੇ ਖ਼ੂਬ ਚਰਚਾ ਹੋਈ।