ਕਪੂਰਥਲਾ ਦੇ 30 ਸਰਕਾਰੀ ਸਕੂਲਾਂ ’ਚ ‘ਪਾਲ ਲੈਬ’ ਸ਼ੁਰੂ ਕਪੂਰਥਲਾ ਦੇ 30 ਸਰਕਾਰੀ ਸਕੂਲਾਂ ਵਿੱਚ ਆਈਟੀਸੀ ਵੱਲੋਂ ‘ਪਾਲ ਲੈਬ’ ਦੀ ਸ਼ੁਰੂਆਤ
Publish Date: Tue, 25 Aug 2026 07:44 PM (IST)
Updated Date: Tue, 25 Aug 2026 07:45 PM (IST)
ਅਧਿਆਪਕਾਂ ਨੂੰ ਮਾਈਂਡਸਪਾਰਕ ਐਪ ਦੀ ਵਰਤੋਂ ਸਬੰਧੀ ਦਿੱਤੀ ਵਿਸ਼ੇਸ਼ ਸਿਖਲਾਈ ਪਰਮਜੀਤ ਸਿੰਘ/ਸੁੱਖੀ ਟਿੱਬਾ, ਪੰਜਾਬੀ ਜਾਗਰਣ ਆਰਸੀਐੱਫ/ਡਡਵਿੰਡੀ : ਆਈਟੀਸੀ ਵੱਲੋਂ ਆਪਣੇ ਸਮਾਜਿਕ ਨਿਵੇਸ਼ ਪ੍ਰੋਗਰਾਮ ਤਹਿਤ ਕਪੂਰਥਲਾ ਜ਼ਿਲ੍ਹੇ ਦੇ 30 ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ-ਸਹਾਇਤ ਪ੍ਰਾਈਵੇਟਾਈਜ਼ਡ ਅਡੈਪਟਿਵ ਲਰਨਿੰਗ (ਪੀਏਐੱਲ) ਲੈਬਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਗਣਿਤ, ਪੰਜਾਬੀ ਤੇ ਅੰਗਰੇਜ਼ੀ ਵਿਸ਼ਿਆਂ ਵਿੱਚ ਸਮਝ ਤੇ ਬੁਨਿਆਦੀ ਨਿਪੁੰਨਤਾ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਸਬੰਧੀ ਰਤਨ ਰੈਜ਼ੀਡੈਂਸੀ, ਕਪੂਰਥਲਾ ਵਿਖੇ ਸਕੂਲੀ ਅਧਿਆਪਕਾਂ ਲਈ ਜ਼ਿਲ੍ਹਾ ਪੱਧਰੀ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿੱਚ ਜ਼ਿਲ੍ਹੇ ਦੇ 30 ਸਰਕਾਰੀ ਸਕੂਲਾਂ ਦੇ ਨੋਡਲ ਅਧਿਆਪਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਅਧਿਆਪਕਾਂ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਅਹਿਮਦਾਬਾਦ ਦੀ ‘ਐਜੂਕੇਸ਼ਨ ਇਨੀਸ਼ੀਏਟਿਵਜ਼’ ਕੰਪਨੀ ਤੋਂ ਪਹੁੰਚੀ ਮਾਹਰ ਟ੍ਰੇਨਰ ਰੀਟਾ ਦਕਸ਼ਨੀ ਨੇ ਨਿਭਾਈ। ਟ੍ਰੇਨਿੰਗ ਦੌਰਾਨ ਰੀਟਾ ਦਕਸ਼ਨੀ ਨੇ ਸਕੂਲਾਂ ਵਿੱਚ ‘ਪਾਲ ਲੈਬ’ ਦੀ ਮਹੱਤਤਾ ਤੇ ਇਸ ਦੀ ਲੋੜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ‘ਮਾਈਂਡਸਪਾਰਕ’ ਐਪ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਚੀ ਵਧਾਉਣ ਦੇ ਨਾਲ-ਨਾਲ ਗਣਿਤ, ਪੰਜਾਬੀ ਤੇ ਅੰਗਰੇਜ਼ੀ ਵਿਸ਼ਿਆਂ ਦੀ ਬੁਨਿਆਦੀ ਸਮਝ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਵਿੱਚ ਐਪ ਦੀ ਵਰਤੋਂ ਕਰਵਾਉਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਘਰ ਬੈਠਿਆਂ ਮੋਬਾਈਲ ਰਾਹੀਂ ਵੀ ਇਸ ਨਾਲ ਜੁੜਨ ਲਈ ਪ੍ਰੇਰਿਤ ਕਰਨ ਤੇ ਮਾਪਿਆਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ। ਇਸ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ‘ਮਾਈਂਡਸਪਾਰਕ’ ਐਪ ਦੀ ਵਰਤੋਂ ਨਾਲ ਵਿਦਿਆਰਥੀਆਂ ਦੇ ਸਿੱਖਣ ਵਿੱਚ ਆ ਰਹੇ ਪਾੜੇ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋਗਰਾਮ ਇੰਚਾਰਜ ਪੁਨੀਤ ਵਾਟਸ ਨੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆਈਟੀਸੀ ਤੋਂ ਵਿਸ਼ਾਲ ਪਾਂਡੇ, ਯਸ਼ਾਸ਼ੀ, ਪ੍ਰੋਗਰਾਮ ਇੰਚਾਰਜ ਪੁਨੀਤ ਵਾਟਸ, ਗੁਰਪ੍ਰੀਤ ਸਿੰਘ ਤੇ ਟੀਮ ਦੇ ਹੋਰ ਮੈਂਬਰ ਵੀ ਹਾਜ਼ਰ ਸਨ।