ਚੰਨੀ ਜੇਕਰ ‘ਕਾਂਗਰਸ ਸੰਭਾਲ ਯਾਤਰਾ’ ਕੱਢਦੇ ਤਾਂ ਬਿਹਤਰ ਹੁੰਦਾ : ਚੱਢਾ ਸਾਬਕਾ ਸੀ.ਐੱਮ. ਚੰਨੀ ਜੇਕਰ ‘ਕਾਂਗਰਸ ਸੰਭਾਲ ਯਾਤਰਾ’ ਕੱਢਦੇ ਤਾਂ ਬਿਹਤਰ ਹੁੰਦਾ : ਨਿਿਤਨ ਚੱਢਾ
Publish Date: Sat, 14 Nov 2026 06:38 PM (IST)
Updated Date: Sat, 14 Nov 2026 06:39 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਸ੍ਰੀ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਗਈ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ’ਤੇ ਵਿਅੰਗ ਕਰਦਿਆਂ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਨਿਤਿਨ ਚੱਢਾ ਨੇ ਕਿਹਾ ਕਿ ਚੰਨੀ ਸਾਹਿਬ ਨੂੰ ਜਵਾਨੀ ਸੰਭਾਲ ਯਾਤਰਾ ਤੋਂ ਪਹਿਲਾਂ ਇੱਕ ‘ਕਾਂਗਰਸ ਸੰਭਾਲ ਯਾਤਰਾ’ ਵੀ ਕੱਢਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਤੋਂ ਪਹਿਲਾਂ ਕਾਂਗਰਸ ਨੂੰ ਆਪਣੇ ਖਿੱਲਰਦੇ ਸਿਆਸੀ ਪਰਿਵਾਰ ਨੂੰ ਸੰਭਾਲਣ ਦੀ ਲੋੜ ਹੈ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਚੰਨੀ ਸਾਹਿਬ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਜਿਸ ਪਾਰਟੀ ਵਿੱਚ ਆਗੂ ਹੀ ਇੱਕ-ਦੂਜੇ ਨੂੰ ਸੰਭਾਲਣ ਵਿੱਚ ਲੱਗੇ ਹੋਣ, ਉੱਥੇ ਸੂਬੇ ਦੀ ਜਵਾਨੀ ਨੂੰ ਸੰਭਾਲਣ ਦੇ ਦਾਅਵੇ ਲੋਕਾਂ ਨੂੰ ਕਿੰਨੇ ਭਰੋਸੇਯੋਗ ਲੱਗਣਗੇ। ਨਿਤਿਨ ਚੱਢਾ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ’ਤੇ ਸਿਆਸੀ ਤੀਰ ਛੱਡਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਅਜਿਹੇ ਕਈ ਮੰਤਰੀ ਤੇ ਅਹੁਦੇਦਾਰ ਸ਼ਾਮਲ ਹਨ, ਜੋ ਕਾਂਗਰਸ ਦੀ ਪਾਠਸ਼ਾਲਾ ਵਿੱਚੋਂ ਹੀ ਸਿਆਸਤ ਦਾ ਪਾਠ ਪੜ੍ਹ ਕੇ ਨਿਕਲੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਵਿੱਚ ਲੰਬੇ ਸਮੇਂ ਤੱਕ ਰਾਜ ਕੀਤਾ ਤੇ ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਂ ’ਤੇ ਸੱਤਾ ਹਾਸਲ ਕੀਤੀ, ਪਰ ਅੱਜ ਵੀ ਪੰਜਾਬ ਸਾਹਮਣੇ ਨਸ਼ਾ, ਬੇਰੁਜ਼ਗਾਰੀ, ਕਾਨੂੰਨ ਵਿਵਸਥਾ ਤੇ ਆਰਥਿਕ ਚੁਣੌਤੀਆਂ ਵਰਗੇ ਗੰਭੀਰ ਮੁੱਦੇ ਖੜ੍ਹੇ ਹਨ। ਪੰਜਾਬ ਦੇ ਲੋਕ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਬਣੇ ਰਹਿਣ ਲਈ ਕੀਤੇ ਜਾ ਰਹੇ ਇਨ੍ਹਾਂ ਸਿਆਸੀ ਪ੍ਰਪੰਚਾਂ ਨੂੰ ਸਮਝ ਚੁੱਕੇ ਹਨ। ਸਿਰਫ਼ ਸਾਈਕਲ ਚਲਾਉਣ ਜਾਂ ਯਾਤਰਾ ਕੱਢਣ ਨਾਲ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ। ਨਿਤਿਨ ਚੱਢਾ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੁੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਦੀ ਸਰਕਾਰ ਬਣਨ ’ਤੇ 31 ਦਸੰਬਰ 2029 ਤੱਕ ਪੰਜਾਬ ਨੂੰ ਨਸ਼ਿਆਂ ਦੇ ਕਾਰੋਬਾਰ ਤੋਂ ਮੁਕਤ ਕਰਨ ਦੀ ਸਮਾਂ-ਸੀਮਾ ਦਾ ਐਲਾਨ ਕੀਤਾ ਹੈ। ਭਾਜਪਾ ਇਸ ਟੀਚੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੀ ਪੰਜਾਬ ਨੂੰ ਨਸ਼ਿਆਂ ਦੇ ਜਾਲ ਵਿੱਚੋਂ ਬਾਹਰ ਕੱਢਣ ਲਈ ਨਿਰਣਾਇਕ ਲੜਾਈ ਲੜੇਗੀ। ਹੁਣ ਪੰਜਾਬ ਦੀ ਜਨਤਾ ਨੇ ਤੈਅ ਕਰਨਾ ਹੈ ਕਿ ਉਸ ਨੂੰ ਸਿਰਫ਼ ਯਾਤਰਾਵਾਂ ਤੇ ਸਿਆਸੀ ਨਾਅਰਿਆਂ ਦੀ ਸਿਆਸਤ ਚਾਹੀਦੀ ਹੈ ਜਾਂ ਸੂਬੇ ਦੇ ਭਵਿੱਖ ਨੂੰ ਲੈ ਕੇ ਠੋਸ ਕੰਮ ਤੇ ਜਵਾਬਦੇਹੀ ਤੈਅ ਕਰਨੀ ਹੈ।