ਆਜ਼ਾਦੀ ਨੂੰ ਸੰਭਾਲਣਾ ਹਰ ਨਾਗਰਿਕ ਦਾ ਫਰਜ਼ : ਖੋਜੇਵਾਲ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਮਿਲੀ ਆਜ਼ਾਦੀ ਨੂੰ ਸੰਭਾਲਣਾ ਹਰ ਨਾਗਰਿਕ ਦਾ ਫਰਜ਼ : ਖੋਜੇਵਾਲ
Publish Date: Tue, 18 Aug 2026 10:31 PM (IST)
Updated Date: Tue, 18 Aug 2026 10:33 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਜ਼ਾਦੀ ਦਿਹਾੜਾ ਹਰ ਭਾਰਤੀ ਲਈ ਮਾਣ, ਸਨਮਾਨ ਤੇ ਖੁਸ਼ੀ ਦਾ ਉਹ ਪਵਿੱਤਰ ਮੌਕਾ ਹੈ, ਜਦੋਂ ਦੇਸ਼ ਵਾਸੀ ਆਪਣੇ ਮਹਾਨ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਤੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁੱਝ ਕੁਰਬਾਨ ਕਰਨ ਵਾਲੇ ਸਪੂਤਾਂ ਨੂੰ ਸ਼ਰਧਾ ਨਾਲ ਯਾਦ ਕਰਦੇ ਹਨ। ਇਸੇ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਆਪਣੇ ਗ੍ਰਹਿ ਪਿੰਡ ਖੋਜੇਵਾਲ ਵਿਖੇ ਭਾਜਪਾ ਆਗੂਆਂ ਦੇ ਨਾਲ ਤਿਰੰਗਾ ਝੰਡਾ ਲਹਿਰਾਉਂਦੇ ਸਮੇਂ ਕਹੀ। ਖੋਜੇਵਾਲ ਨੇ ਕਿਹਾ ਕਿ ਅੱਜ ਦਾ ਦਿਨ ਸਿਰਫ ਤਿਉਹਾਰ ਮਨਾਉਣ ਦਾ ਦਿਨ ਨਹੀਂ, ਸਗੋਂ ਆਜ਼ਾਦੀ ਦੀ ਕੀਮਤ ਨੂੰ ਸਮਝਣ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਤੇ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਦੁਬਾਰਾ ਯਾਦ ਕਰਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਕਿਸੇ ਇਕ ਵਿਅਕਤੀ ਜਾਂ ਇਕ ਵਰਗ ਦੀ ਦੇਣ ਨਹੀਂ, ਬਲਕਿ ਲੱਖਾਂ ਦੇਸ਼ ਭਗਤਾਂ ਦੀ ਲੰਬੀ ਜੱਦੋ-ਜਹਿਦ, ਤਿਆਗ, ਸੰਘਰਸ਼ ਤੇ ਕੁਰਬਾਨੀਆਂ ਦਾ ਨਤੀਜਾ ਹੈ। ਅਸੀਂ ਅੱਜ ਆਜ਼ਾਦ ਭਾਰਤ ਚ ਖੁੱਲ੍ਹੀ ਹਵਾ ਚ ਸਾਹ ਲੈਂਦੇ ਹਾਂ। ਇਸ ਲਈ ਹਰ ਭਾਰਤੀ ਦਾ ਫਰਜ਼ ਬਣਦਾ ਹੈ ਕਿ ਉਹ ਆਜ਼ਾਦੀ ਦੇ ਇਤਿਹਾਸ ਨੂੰ ਸਿਰਫ ਕਿਤਾਬਾਂ ਤਕ ਸੀਮਤ ਨਾ ਰੱਖੇ, ਸਗੋਂ ਨਵੀਂ ਪੀੜ੍ਹੀ ਨੂੰ ਵੀ ਦੇਸ਼ ਦੇ ਇਤਿਹਾਸ, ਸ਼ਹੀਦਾਂ ਦੀ ਸੋਚ ਤੇ ਰਾਸ਼ਟਰੀ ਏਕਤਾ ਦੀ ਮਹੱਤਤਾ ਬਾਰੇ ਜਾਣੂ ਕਰਵਾਏ। ਭਾਰਤ ਨੇ ਆਜ਼ਾਦੀ ਤੋਂ ਬਾਅਦ ਕਈ ਖੇਤਰਾਂ ’ਚ ਵੱਡੀ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ। ਜੇਕਰ ਨੌਜਵਾਨ ਸਿੱਖਿਆ, ਹੁਨਰ, ਖੇਡਾਂ, ਵਿਗਿਆਨ ਤੇ ਸਮਾਜ ਸੇਵਾ ਵੱਲ ਧਿਆਨ ਦੇਣ ਤਾਂ ਭਾਰਤ ਦਾ ਭਵਿੱਖ ਹੋਰ ਵੀ ਉਜਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੀ ਦੁਨੀਆ ਚ ਰਹਿੰਦਿਆਂ ਵੀ ਨੌਜਵਾਨਾਂ ਨੂੰ ਦੇਸ਼ ਤੇ ਸਮਾਜ ਨਾਲ ਜੁੜੇ ਮੁੱਦਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਭੁੱਲਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦਾ ਅਰਥ ਸਿਰਫ ਵਿਦੇਸ਼ੀ ਸ਼ਾਸਨ ਤੋਂ ਮੁਕਤੀ ਨਹੀਂ, ਸਗੋਂ ਆਪਣੇ ਦੇਸ਼, ਸਮਾਜ ਤੇ ਭਵਿੱਖ ਪ੍ਰਤੀ ਜ਼ਿੰਮੇਵਾਰ ਹੋਣਾ ਵੀ ਹੈ। ਇਸ ਲਈ ਹਰ ਭਾਰਤੀ ਨੂੰ ਭਾਈਚਾਰਕ ਸਾਂਝ ਤੇ ਆਪਸੀ ਸਤਿਕਾਰ ਨੂੰ ਮਜ਼ਬੂਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ ਤੇ ਸਾਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਦੇਸ਼ ਨੂੰ ਹੋਰ ਮਜ਼ਬੂਤ, ਖੁਸ਼ਹਾਲ ਤੇ ਸੁਰੱਖਿਅਤ ਬਣਾਉਣ ਲਈ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਵਾਂਗੇ।