ਪੰਜਾਬ ’ਚ ਸਰਕਾਰ ਨਹੀਂ, ਅਰਾਜਕਤਾ ਦਾ ਬੋਲਬਾਲਾ : ਸੰਨੀ ਬੈਂਸ ਪੰਜਾਬ ’ਚ ਸਰਕਾਰ ਨਹੀਂ, ਅਰਾਜਕਤਾ ਦਾ ਬੋਲਬਾਲਾ : ਸੰਨੀ ਬੈਂਸ
Publish Date: Mon, 02 Nov 2026 08:15 PM (IST)
Updated Date: Mon, 02 Nov 2026 08:17 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਨਾਕਾਮ ਸਾਬਤ ਹੋ ਰਹੀ ਹੈ। ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਤੇ ਨਸ਼ਿਆਂ ਦਾ ਕਹਿਰ ਨੌਜਵਾਨ ਪੀੜ੍ਹੀ ਨੂੰ ਨਿਗਲਦਾ ਜਾ ਰਿਹਾ ਹੈ। ਸਰਕਾਰ ਵੱਲੋਂ ਨਸ਼ਾ-ਮੁਕਤ ਪੰਜਾਬ ਦੇ ਕੀਤੇ ਜਾਂਦੇ ਦਾਅਵਿਆਂ ਦੀ ਹਕੀਕਤ ਆਏ ਦਿਨ ਸਾਹਮਣੇ ਆ ਰਹੀ ਹੈ। ਕਿਸਾਨੀ ਸੰਘਰਸ਼ਾਂ ਦੌਰਾਨ ਟਰਾਲੀਆਂ ਚੋਰੀ ਹੋਣ ਦੇ ਮਾਮਲਿਆਂ ਤੋਂ ਬਾਅਦ ਹੁਣ ਨਸ਼ੇ ਕਾਰਨ ਮਰੇ ਨੌਜਵਾਨ ਦੀ ਲਾਸ਼ ਖੋਹਣ ਦੀ ਕੋਸ਼ਿਸ਼ ਦੇ ਲੱਗੇ ਦੋਸ਼ਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਭਾਜਪਾ ਦੇ ਸੂਬਾ ਸਪੋਕਸਪਰਸਨ ਸੰਨੀ ਬੈਂਸ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲੇ ਦੇ ਪਿੰਡ ਭੰਮੇ ਕਲਾਂ ਦੇ 35 ਸਾਲਾ ਨੌਜਵਾਨ ਦਲਜੀਤ ਸਿੰਘ ਦੀ ਚਿੱਟੇ ਦੇ ਨਸ਼ੇ ਕਾਰਨ ਹੋਈ ਮੌਤ ਨੇ ਇਕ ਵਾਰ ਫਿਰ ਸੂਬੇ ਵਿਚ ਨਸ਼ਿਆਂ ਦੀ ਗੰਭੀਰ ਸਮੱਸਿਆ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਮੰਗ ਕਰਨ ਲਈ ਵੀ ਸੰਘਰਸ਼ ਕਰਨਾ ਪਵੇ ਤਾਂ ਇਹ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲੀਆ ਨਿਸ਼ਾਨ ਹੈ। ਸੰਨੀ ਬੈਂਸ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਜਾਲ ਲਗਾਤਾਰ ਫੈਲ ਰਿਹਾ ਹੈ। ਨੌਜਵਾਨਾਂ ਦੀਆਂ ਮੌਤਾਂ ਨਾਲ ਪਰਿਵਾਰਾਂ ਦੇ ਚਿਰਾਗ ਬੁੱਝ ਰਹੇ ਹਨ ਤੇ ਮਾਪਿਆਂ ਦੇ ਸੁਪਨੇ ਟੁੱਟ ਰਹੇ ਹਨ, ਪਰ ਸਰਕਾਰ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹੋਂ ਖ਼ਤਮ ਕਰਨ ਵਿਚ ਅਸਫ਼ਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਸਵੀਕਾਰ ਕਰਨ ਦੀ ਬਜਾਏ ਸੱਚਾਈ ਸਾਹਮਣੇ ਲਿਆਉਣ ਵਾਲਿਆਂ ਦੀ ਆਵਾਜ਼ ਦਬਾਉਣ ਦੇ ਰਾਹ ਪੈ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿਆਸੀ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਨਸ਼ਿਆਂ ਦੇ ਖ਼ਾਤਮੇ ਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕੇ। ਉਨਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਆਪ ਸਰਕਾਰ ਦੀਆਂ ਨਾਕਾਮੀਆਂ ਦਾ ਜਵਾਬ ਵੋਟ ਦੀ ਤਾਕਤ ਨਾਲ ਦੇਣਗੇ ਤੇ ਭਾਜਪਾ ਨੂੰ ਸੱਤਾ ਵਿਚ ਲਿਆਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਸਰਕਾਰ ਆਉਣ ਤੇ ਪੰਜਾਬ ਨੂੰ ਵਿਕਾਸ ਦੇ ਨਾਲ-ਨਾਲ ਅਮਨ-ਸ਼ਾਂਤੀ ਦੇ ਮਾਹੌਲ ਵਿਚ ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ’ਤੇ ਪੰਜਾਬ ਨੂੰ ਮੁੜ ਖ਼ੁਸ਼ਹਾਲ, ਸੁਰੱਖਿਅਤ ਤੇ ਅਮਨ-ਸ਼ਾਂਤੀ ਵਾਲਾ ਸੂਬਾ ਬਣਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕੀਤਾ ਜਾਵੇਗਾ।