ਹਰ ਕਿਸਾਨ ਲਈ ਫਾਰਮਰ ਰਜਿਸਟਰੀ ਬਣਵਾਉਣਾ ਜ਼ਰੂਰੀ ਹਰ ਕਿਸਾਨ ਲਈ ਫਾਰਮਰ ਰਜਿਸਟਰੀ ਬਣਵਾਉਣਾ ਜ਼ਰੂਰੀ ਹੈ
Publish Date: Tue, 15 Sep 2026 09:29 PM (IST)
Updated Date: Tue, 15 Sep 2026 09:32 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕਿਸਾਨਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਤੇ ਖੇਤੀਬਾੜੀ ਸਹੂਲਤਾਂ ਦਾ ਲਾਭ ਦੇਣ ਲਈ ਫਾਰਮਰ ਰਜਿਸਟਰੀ ਆਈਡੀ ਬਣਵਾਉਣਾ ਜ਼ਰੂਰੀ ਹੈ। ਇਹ ਜਾਣਕਾਰੀ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਜਸਪਾਲ ਸਿੰਘ ਧੰਜੂ ਤੇ ਖੇਤੀਬਾੜੀ ਵਿਸਥਾਰ ਅਫਸਰ ਡਾ. ਪਰਮਿੰਦਰ ਕੁਮਾਰ ਨੇ ਕਿਸਾਨਾਂ ਨੂੰ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣੀ ਫਾਰਮਰ ਰਜਿਸਟਰੀ ਆਈਡੀ ਬਣਵਾਉਣ, ਤਾਂ ਜੋ ਸਰਕਾਰੀ ਸਕੀਮਾਂ ਤੇ ਸਬਸਿਡੀ ਦਾ ਲਾਭ ਲੈਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਸਮੇਂ-ਸਮੇਂ ਤੇ ਵੱਖ-ਵੱਖ ਸਕੀਮਾਂ ਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਕਿਸਾਨਾਂ ਦੀ ਫਾਰਮਰ ਰਜਿਸਟਰੀ ਵਿੱਚ ਰਜਿਸਟਰੇਸ਼ਨ ਹੋਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਫਾਰਮਰ ਰਜਿਸਟਰੀ ਆਈਡੀ ਬਣਵਾਉਣ ਦੀ ਪ੍ਰਕਿਰਿਆ ਪੂਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫਾਰਮਰ ਰਜਿਸਟਰੀ ਆਈਡੀ ਸਿਰਫ਼ ਇੱਕ ਯੋਜਨਾ ਤੱਕ ਸੀਮਤ ਨਹੀਂ ਹੈ, ਸਗੋਂ ਕਿਸਾਨਾਂ ਨੂੰ ਵੱਖ-ਵੱਖ ਸਰਕਾਰੀ ਸਹੂਲਤਾਂ ਨਾਲ ਜੋੜਨ ਵਿੱਚ ਵੀ ਇਸ ਦੀ ਅਹਿਮ ਭੂਮਿਕਾ ਹੈ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਖਾਦਾਂ, ਦਵਾਈਆਂ, ਬੀਜ, ਖੇਤੀਬਾੜੀ ਮਸ਼ੀਨਰੀ ਆਦਿ ਦੀਆਂ ਸਹੂਲਤਾਂ ਤੇ ਸਬਸਿਡੀ ਪ੍ਰਾਪਤ ਕਰਨ ਲਈ ਵੀ ਫਾਰਮਰ ਰਜਿਸਟਰੀ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਬਲਾਕ ਸੁਲਤਾਨਪੁਰ ਲੋਧੀ ਵਿੱਚ ਵੱਖ-ਵੱਖ ਥਾਵਾਂ ਤੇ ਕੈਂਪ ਲਗਾਏ ਜਾ ਰਹੇ ਹਨ। ਕਿਸਾਨ ਇਨ੍ਹਾਂ ਕੈਂਪਾਂ ਤੋਂ ਇਲਾਵਾ ਆਪਣੇ ਨੇੜਲੇ ਸੇਵਾ ਕੇਂਦਰਾਂ ਜਾਂ ਖੇਤੀਬਾੜੀ ਵਿਭਾਗ ਦੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਕੇ ਆਪਣੀ ਫਾਰਮਰ ਰਜਿਸਟਰੀ ਆਈਡੀ ਬਣਵਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਵਿੱਚ ਕਿਸੇ ਕਿਸਮ ਦੀ ਦੇਰੀ ਨਾ ਕਰਨ ਤੇ ਜਲਦ ਤੋਂ ਜਲਦ ਆਪਣੀ ਫਾਰਮਰ ਰਜਿਸਟਰੀ ਮੁਕੰਮਲ ਕਰਵਾਉਣ, ਤਾਂ ਜੋ ਉਹ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ, ਸਹੂਲਤਾਂ ਤੇ ਸਬਸਿਡੀਆਂ ਦਾ ਲਾਭ ਲੈਣ ਤੋਂ ਵਾਂਝੇ ਨਾ ਰਹਿਣ।