ਪਹਿਲਾਂ ਖੁਦ ਨੂੰ ਬਦਲਣਾ ਜ਼ਰੂਰੀ : ਰਾਜ ਸਮਾਜ ਨੂੰ ਬਦਲਣ ਤੋਂ ਪਹਿਲਾਂ ਆਪਣੇ ਆਪ ਨੂੰ ਬਦਲਣਾ ਜ਼ਰੂਰੀ : ਸਰਬਜੀਤ ਰਾਜ
Publish Date: Sun, 20 Sep 2026 09:28 PM (IST)
Updated Date: Sun, 20 Sep 2026 09:29 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਅੱਜ ਦੇ ਸਮੇਂ ਵਿਚ ਸਮਾਜ ਨੂੰ ਚੰਗਾ ਤੇ ਬਿਹਤਰ ਬਣਾਉਣ ਲਈ ਸਭ ਤੋਂ ਵੱਧ ਲੋੜ ਚੰਗੇ ਇਨਸਾਨ ਬਣਨ ਦੀ ਹੈ। ਹਰ ਵਿਅਕਤੀ ਸਮਾਜ ਵਿਚ ਸੁਧਾਰ ਦੀ ਗੱਲ ਕਰਦਾ ਹੈ ਤੇ ਦੂਜਿਆਂ ਨੂੰ ਆਪਣੀਆਂ ਗਲਤੀਆਂ ਸੁਧਾਰਨ ਦੀ ਸਲਾਹ ਦਿੰਦਾ ਹੈ ਪਰ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੀ ਅਸੀਂ ਖੁਦ ਆਪਣੇ ਜੀਵਨ ਤੇ ਵਿਵਹਾਰ ਵਿਚ ਸੁਧਾਰ ਲਿਆ ਰਹੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਕ੍ਰਿਸਚਿਨ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਨੇ ਕੀਤਾ। ਸਰਬਜੀਤ ਰਾਜ ਨੇ ਕਿਹਾ ਕਿ ਸਮਾਜ ਕਿਸੇ ਇਕ ਵਿਅਕਤੀ ਨਾਲ ਨਹੀਂ ਬਣਦਾ, ਸਗੋਂ ਹਰ ਵਿਅਕਤੀ ਦੇ ਆਚਰਨ, ਸੋਚ ਤੇ ਵਿਵਹਾਰ ਨਾਲ ਬਣਦਾ ਹੈ। ਜੇਕਰ ਅਸੀਂ ਸਮਾਜ ਵਿਚ ਇਮਾਨਦਾਰੀ, ਸਹਿਯੋਗ, ਸਤਿਕਾਰ, ਪਿਆਰ ਤੇ ਭਾਈਚਾਰਾ ਦੇਖਣਾ ਚਾਹੁੰਦੇ ਹਾਂ ਤਾਂ ਇਨ੍ਹਾਂ ਗੁਣਾਂ ਦੀ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਪਵੇਗੀ।ਸਿਰਫ਼ ਦੂਜਿਆਂ ਦੀਆਂ ਕਮੀਆਂ ਗਿਣਾਉਣ ਨਾਲ ਸਮਾਜ ਵਿਚ ਬਦਲਾਅ ਨਹੀਂ ਆ ਸਕਦਾ।ਉਨ੍ਹਾਂ ਕਿਹਾ ਕਿ ਧਰਮ ਸਾਨੂੰ ਨਾ ਸਿਰਫ਼ ਧਾਰਮਿਕ ਰਸਮਾਂ ਨਿਭਾਉਣ ਦੀ ਸਿੱਖਿਆ ਨਹੀਂ ਦਿੰਦਾ, ਬਲਕਿ ਇਕ ਚੰਗਾ ਤੇ ਜ਼ਿੰਮੇਵਾਰ ਇਨਸਾਨ ਬਣਨ ਦੀ ਜੀਵਨ-ਜਾਚ ਵੀ ਸਿਖਾਉਂਦਾ ਹੈ। ਲੋੜ ਇਸ ਗੱਲ ਦੀ ਹੈ ਕਿ ਅਸੀਂ ਧਾਰਮਿਕ ਸਿੱਖਿਆਵਾਂ ਨੂੰ ਸਿਰਫ਼ ਸੁਣਨ ਜਾਂ ਪੜ੍ਹਨ ਤਕ ਸੀਮਤ ਨਾ ਰੱਖੀਏ, ਸਗੋਂ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਅਮਲ ਵਿਚ ਲਿਆਈਏ।