ਸੁਲਤਾਨਪੁਰ ਲੋਧੀ ਤੋਂ ਚੋਣ ਮੈਦਾਨ 'ਚ ਉਤਰਨ ਦੀ ਤਿਆਰੀ ’ਚ ਤਰਸੇਮ ਸਿੰਘ ਵਿੱਕੀ ਸੁਲਤਾਨਪੁਰ ਲੋਧੀ ਤੋਂ ਚੋਣ ਮੈਦਾਨ 'ਚ ਉਤਰਨ ਦੀ ਤਿਆਰੀ ਵਿਚ ਤਰਸੇਮ ਸਿੰਘ ਵਿੱਕੀ?
Publish Date: Fri, 27 Nov 2026 07:07 PM (IST)
Updated Date: Fri, 27 Nov 2026 07:10 PM (IST)
--ਵਾਰਿਸ ਪੰਜਾਬ ਦੇ ਵੱਲੋਂ ਉਮੀਦਵਾਰ ਦੀ ਚੋਣ ਲਈ ਸਰਵੇਖਣ ਦੀ ਚਰਚਾ --ਕਿਸਾਨ ਅੰਦੋਲਨ ਨਾਲ ਜੁੜੇ ਨੌਜਵਾਨ ਆਗੂ ਦਾ ਨਾਮ ਅੱਗੇ ਆਉਣ ਦਾ ਦਾਅਵਾ ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ ਕਪੂਰਥਲਾ : ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਹੁਣ ਤੋਂ ਤੇਜ਼ ਹੋਣ ਲੱਗੀਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਹਲਕੇ ਵਿੱਚ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਤੇ ਸੰਭਾਵੀ ਉਮੀਦਵਾਰਾਂ ਦੀ ਭਾਲ ਲਈ ਅੰਦਰੂਨੀ ਪੱਧਰ ਤੇ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਵੀ ਹਲਕੇ ਤੋਂ ਸੰਭਾਵੀ ਉਮੀਦਵਾਰ ਦੀ ਚੋਣ ਲਈ ਸਰਵੇਖਣ ਕਰਵਾਏ ਜਾਣ ਦੀ ਚਰਚਾ ਹੈ। ਇਸ ਸਰਵੇਖਣ ਵਿੱਚ ਕਿਸਾਨ ਅੰਦੋਲਨ ਨਾਲ ਜੁੜੇ ਨੌਜਵਾਨ ਆਗੂ ਤਰਸੇਮ ਸਿੰਘ ਵਿੱਕੀ ਦਾ ਨਾਮ ਪ੍ਰਮੁੱਖਤਾ ਨਾਲ ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਥੇਬੰਦੀ ਦੇ ਅੰਦਰੂਨੀ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਆਨਲਾਈਨ ਸਰਵੇਖਣ ਵਿੱਚ ਤਰਸੇਮ ਸਿੰਘ ਵਿੱਕੀ ਨੂੰ ਕਰੀਬ 65 ਤੋਂ 70 ਫ਼ੀਸਦੀ ਵਰਕਰਾਂ ਦੀ ਹਮਾਇਤ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਇਸ ਸਰਵੇਖਣ ਦੇ ਅਧਿਕਾਰਤ ਨਤੀਜੇ ਜਾਂ ਪਾਰਟੀ ਵੱਲੋਂ ਉਮੀਦਵਾਰੀ ਸਬੰਧੀ ਕੋਈ ਅੰਤਿਮ ਐਲਾਨ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਵਿੱਕੀ ਦਾ ਨਾਮ ਸੰਭਾਵੀ ਉਮੀਦਵਾਰਾਂ ਦੀ ਚਰਚਾ ਵਿੱਚ ਆਉਣ ਨਾਲ ਹਲਕੇ ਦੀ ਸਿਆਸਤ ਵਿੱਚ ਨਵੀਂ ਹਲਚਲ ਦੇਖਣ ਨੂੰ ਮਿਲ ਰਹੀ ਹੈ। ਸਿਆਸੀ ਹਲਕਿਆਂ ਵਿੱਚ ਹੁਣ ਨਜ਼ਰ ਇਸ ਗੱਲ ਤੇ ਟਿਕੀ ਹੋਈ ਹੈ ਕਿ ਵਾਰਿਸ ਪੰਜਾਬ ਦੇ ਵੱਲੋਂ ਸੁਲਤਾਨਪੁਰ ਲੋਧੀ ਲਈ ਉਮੀਦਵਾਰ ਦੀ ਚੋਣ ਕਿਹੜੇ ਆਧਾਰ ਤੇ ਕੀਤੀ ਜਾਂਦੀ ਹੈ। ਕੀ ਕਿਸਾਨ ਅੰਦੋਲਨ ਦੀ ਪਿੱਠਭੂਮੀ ਵਾਲੇ ਤਰਸੇਮ ਸਿੰਘ ਵਿੱਕੀ ਨੂੰ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ ਜਾਂ ਕੋਈ ਹੋਰ ਚਿਹਰਾ ਸਾਹਮਣੇ ਆਵੇਗਾ, ਇਸ ਬਾਰੇ ਅੰਤਿਮ ਤਸਵੀਰ ਪਾਰਟੀ ਦੇ ਅਧਿਕਾਰਤ ਫ਼ੈਸਲੇ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। --ਕਿਸਾਨ ਅੰਦੋਲਨ ਤੋਂ ਸ਼ੁਰੂ ਹੋਇਆ ਸਿਆਸੀ ਸਫ਼ਰ ਤਰਸੇਮ ਸਿੰਘ ਵਿੱਕੀ ਦਾ ਸਿਆਸੀ ਤੇ ਸਮਾਜਿਕ ਸਫ਼ਰ ਕਿਸਾਨ ਅੰਦੋਲਨ ਨਾਲ ਜੁੜਿਆ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ ਤੇ ਚੱਲੇ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨੇ ਆਈਟੀ ਸੈੱਲ ਇੰਚਾਰਜ ਵਜੋਂ ਜ਼ਿੰਮੇਵਾਰੀ ਨਿਭਾਈ। ਇਸ ਦੌਰਾਨ ਸੋਸ਼ਲ ਮੀਡੀਆ ਤੇ ਸੰਚਾਰ ਦੇ ਮਾਧਿਅਮ ਰਾਹੀਂ ਅੰਦੋਲਨ ਦੀਆਂ ਸਰਗਰਮੀਆਂ ਨਾਲ ਜੁੜੇ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਕਿਸਾਨ ਯੂਨੀਅਨ ਬਾਗੀ ਨਾਲ ਜੁੜ ਕੇ ਜਥੇਬੰਦਕ ਗਤੀਵਿਧੀਆਂ ਵਿੱਚ ਭੂਮਿਕਾ ਨਿਭਾਈ ਤੇ ਜਥੇਬੰਦੀ ਨੂੰ ਖੜ੍ਹਾ ਕਰਨ ਵਿੱਚ ਯੋਗਦਾਨ ਪਾਇਆ। ਜਲੰਧਰ ਦੇ ਲਤੀਫਪੁਰਾ ਮੋਰਚੇ ਦੌਰਾਨ ਵੀ ਉਨ੍ਹਾਂ ਦੀ ਸਰਗਰਮ ਸ਼ਮੂਲੀਅਤ ਰਹੀ। ਕਿਸਾਨੀ ਤੇ ਲੋਕ ਮੁੱਦਿਆਂ ਨਾਲ ਜੁੜੀਆਂ ਇਨ੍ਹਾਂ ਸਰਗਰਮੀਆਂ ਨੇ ਉਨ੍ਹਾਂ ਦੀ ਆਪਣੀ ਇੱਕ ਵੱਖਰੀ ਪਛਾਣ ਬਣਾਈ। -ਪਰਿਵਾਰਕ ਹਾਲਾਤ ਕਾਰਨ ਰਹੇ ਸਰਗਰਮ ਸਿਆਸਤ ਤੋਂ ਦੂਰ ਸੂਤਰਾਂ ਅਨੁਸਾਰ ਪਰਿਵਾਰਕ ਤੇ ਆਰਥਿਕ ਮੁਸ਼ਕਿਲਾਂ ਕਾਰਨ ਤਰਸੇਮ ਸਿੰਘ ਵਿੱਕੀ ਨੂੰ ਕਰੀਬ ਢਾਈ ਸਾਲ ਸਿਆਸੀ ਤੇ ਜਥੇਬੰਦਕ ਸਰਗਰਮੀਆਂ ਤੋਂ ਦੂਰੀ ਬਣਾਉਣੀ ਪਈ। ਹੁਣ ਉਨ੍ਹਾਂ ਨੇ ਮੁੜ ਸਰਗਰਮ ਜਨਤਕ ਜੀਵਨ ਵਿੱਚ ਵਾਪਸੀ ਕਰਦਿਆਂ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਇਸੇ ਵਾਪਸੀ ਤੋਂ ਬਾਅਦ ਸੁਲਤਾਨਪੁਰ ਲੋਧੀ ਹਲਕੇ ਤੋਂ ਉਨ੍ਹਾਂ ਦੀ ਸੰਭਾਵੀ ਉਮੀਦਵਾਰੀ ਦੀ ਚਰਚਾ ਵੀ ਤੇਜ਼ ਹੋਈ ਹੈ। -ਪਾਰਟੀ ਜੋ ਜ਼ਿੰਮੇਵਾਰੀ ਦੇਵੇਗੀ, ਤਨਦੇਹੀ ਨਾਲ ਨਿਭਾਵਾਂਗਾ : ਵਿੱਕੀ ਆਪਣੀ ਸੰਭਾਵੀ ਉਮੀਦਵਾਰੀ ਬਾਰੇ ਗੱਲ ਕਰਦਿਆਂ ਤਰਸੇਮ ਸਿੰਘ ਵਿੱਕੀ ਨੇ ਕਿਹਾ ਕਿ ਉਹ ਪਾਰਟੀ ਦੇ ਇੱਕ ਸਿਪਾਹੀ ਹਨ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਜੋ ਵੀ ਸੇਵਾ ਜਾਂ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਜਥੇਬੰਦੀ ਦੇ ਫ਼ੈਸਲੇ ਤੇ ਸਿਧਾਂਤ ਸਭ ਤੋਂ ਉੱਪਰ ਹਨ।