ਜਦੋਂ ਕਨਫਰਮ ਟਿਕਟਾਂ ਵੇਟਿੰਗ ਸੂਚੀ ’ਚ ਗਈਆਂ, ਲੋਕ ਪਰੇਸ਼ਾਨ ਆਈਆਰਸੀਟੀਸੀ ਨੇ ਕਨਫਰਮ ਟਿਕਟਾਂ ਨੂੰ ਦਿਖਾਇਆ ਆਰ.ਐਲ.ਡਬਲਿਊ.ਐਲ., ਯਾਤਰੀ ਅਸਮੰਜਸ ਵਿੱਚ
Publish Date: Sat, 26 Sep 2026 09:00 PM (IST)
Updated Date: Sat, 26 Sep 2026 09:03 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਆਈਆਰਸੀਟੀਸੀ ਦੀ ਸਾਈਟ ਰਾਹੀਂ ਰੇਲ ਟਿਕਟ ਬੁੱਕ ਕਰਵਾਉਣ ਵਾਲੇ ਯਾਤਰੀ ਸਾਵਧਾਨ ਰਹਿਣ, ਕਿਉਂਕਿ ਕਨਫਰਮ ਬਰਥ ਕਦੋਂ ਵੇਟਿੰਗ ਲਿਸਟ ਵਿੱਚ ਚਲੀ ਜਾਵੇ, ਇਸ ਬਾਰੇ ਯਾਤਰੀ ਨੂੰ ਪਤਾ ਵੀ ਨਹੀਂ ਲੱਗਦਾ। ਸੁਣਨ ਵਿੱਚ ਇਹ ਗੱਲ ਭਾਵੇਂ ਅਜੀਬ ਲੱਗਦੀ ਹੈ ਕਿ ਕਨਫਰਮ ਟਿਕਟ ਵੇਟਿੰਗ ਟਿਕਟ ਵਿੱਚ ਕਿਵੇਂ ਬਦਲ ਸਕਦੀ ਹੈ, ਪਰ ਫਗਵਾੜਾ ਦੇ ਇੱਕ ਪਰਿਵਾਰ ਨਾਲ ਅਜਿਹਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਗਵਾੜਾ ਦੀ ਡਾ. ਮੀਨਾ ਗੋਇਲ ਨੇ ਆਈਆਰਸੀਟੀਸੀ ਰਾਹੀਂ ਬੁੱਕ ਕੀਤੀਆਂ ਟਿਕਟਾਂ ਦੇ ਸਕਰੀਨਸ਼ਾਟ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ 11 ਸਤੰਬਰ ਨੂੰ ਫਗਵਾੜਾ ਤੋਂ 9 ਨਵੰਬਰ ਨੂੰ ਸੁਬੇਦਾਰਗੰਜ ਸਟੇਸ਼ਨ ਜਾਣ ਲਈ ਜੰਮੂ ਮੇਲ ਵਿੱਚ ਆਈਆਰਸੀਟੀਸੀ ਦੀ ਸਾਈਟ ਰਾਹੀਂ ਸੈਕਿੰਡ ਏਸੀ ਦੀਆਂ ਟਿਕਟਾਂ ਬੁੱਕ ਕਰਵਾਈਆਂ ਸਨ। ਬੁਕਿੰਗ ਸਮੇਂ ਉਨ੍ਹਾਂ ਨੂੰ ਏ-1 ਕੋਚ ਵਿੱਚ 43, 44, 45 ਤੇ 46 ਨੰਬਰ ਬਰਥ ਅਲਾਟ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ 11 ਨਵੰਬਰ ਨੂੰ ਪ੍ਰਯਾਗਰਾਜ ਤੋਂ ਵਾਰਾਣਸੀ ਜਾਣ ਲਈ ਵੰਦੇ ਭਾਰਤ ਟਰੇਨ ਵਿੱਚ ਵੀ ਕਨਫਰਮ ਟਿਕਟਾਂ ਬੁੱਕ ਕਰਵਾਈਆਂ ਸਨ, ਜਿਸ ਲਈ ਉਨ੍ਹਾਂ ਨੂੰ ਸੀ-15 ਕੋਚ ਵਿੱਚ 61, 62, 63 ਤੇ 64 ਨੰਬਰ ਸੀਟਾਂ ਅਲਾਟ ਕੀਤੀਆਂ ਗਈਆਂ ਸਨ। ਇਸੇ ਤਰ੍ਹਾਂ 13 ਨਵੰਬਰ ਨੂੰ ਵਾਰਾਣਸੀ ਤੋਂ ਅਯੁੱਧਿਆ ਜੀ ਜਾਣ ਲਈ ਵੰਦੇ ਭਾਰਤ ਟਰੇਨ ਵਿੱਚ ਕਨਫਰਮ ਟਿਕਟਾਂ ਬੁੱਕ ਕਰਵਾਈਆਂ ਗਈਆਂ ਸਨ, ਜਿਸ ਲਈ ਸੀ-4 ਕੋਚ ਵਿੱਚ 75, 76, 77 ਤੇ 78 ਨੰਬਰ ਸੀਟਾਂ ਅਲਾਟ ਕੀਤੀਆਂ ਗਈਆਂ ਸਨ। ਡਾ. ਮੀਨਾ ਗੋਇਲ ਨੇ ਦੱਸਿਆ ਕਿ ਜਦੋਂ ਉਹ ਫਗਵਾੜਾ ਵਾਪਸ ਆਉਣ ਲਈ ਟਿਕਟ ਬੁੱਕ ਕਰਨ ਲੱਗੇ ਤਾਂ ਉਨ੍ਹਾਂ ਨੇ ਸਹਿਜੇ ਹੀ ਆਪਣੀ ਬਾਕੀ ਟਿਕਟਾਂ ਦੀ ਬੁਕਿੰਗ ਹਿਸਟਰੀ ਖੋਲ੍ਹ ਲਈ। ਬੁਕਿੰਗ ਹਿਸਟਰੀ ਦੇਖਦੇ ਹੀ ਉਹ ਹੈਰਾਨ ਰਹਿ ਗਏ, ਕਿਉਂਕਿ ਉਨ੍ਹਾਂ ਦੀਆਂ ਸਾਰੀਆਂ ਕਨਫਰਮ ਟਿਕਟਾਂ ਰਿਮੋਟ ਲੋਕੇਸ਼ਨ ਵੇਟਿੰਗ ਲਿਸਟ (ਆਰਐੱਲਡਬਲਿਊਐੱਲ) ਵਿੱਚ ਬਦਲੀਆਂ ਹੋਈਆਂ ਦਿਖਾਈ ਦਿੱਤੀਆਂ। ਇਸ ਤੋਂ ਬਾਅਦ ਡਾ. ਮੀਨਾ ਗੋਇਲ ਤੇ ਉਨ੍ਹਾਂ ਦਾ ਪਰਿਵਾਰ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਕੀ ਯਾਤਰਾ ਵਾਲੇ ਦਿਨ ਤੱਕ ਉਨ੍ਹਾਂ ਦੀਆਂ ਟਿਕਟਾਂ ਮੁੜ ਕਨਫਰਮ ਹੋ ਸਕਣਗੀਆਂ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪਤੀ ਤੇ ਬੇਟੀਆਂ ਨਾਲ ਤੀਰਥ ਯਾਤਰਾ ਤੇ ਜਾਣ ਦੀ ਯੋਜਨਾ ਬਣਾ ਕੇ ਬਹੁਤ ਖੁਸ਼ ਸਨ, ਪਰ ਆਈਆਰਸੀਟੀਸੀ ਦੀ ਬੁਕਿੰਗ ਹਿਸਟਰੀ ਵਿੱਚ ਟਿਕਟਾਂ ਦੀ ਸਥਿਤੀ ਬਦਲੀ ਹੋਈ ਦੇਖ ਕੇ ਉਨ੍ਹਾਂ ਦੀ ਚਿੰਤਾ ਵਧ ਗਈ ਹੈ। ਉਨ੍ਹਾਂ ਰੇਲਵੇ ਵਿਭਾਗ ਅਤੇ ਰੇਲਵੇ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਕਨਫਰਮ ਟਿਕਟਾਂ ਦੀ ਸਥਿਤੀ ਬਦਲਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ, ਜੇਕਰ ਕਿਸੇ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਟਿਕਟਾਂ ਨੂੰ ਮੁੜ ਕਨਫਰਮ ਕਰਵਾਉਣ ਤੇ ਉਨ੍ਹਾਂ ਨੂੰ ਹੋਈ ਮਾਨਸਿਕ ਪਰੇਸ਼ਾਨੀ ਲਈ ਉਚਿਤ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ।