ਇਪਟਾ ਪੰਜਾਬ ਦੀ ਰਾਜ ਪੱਧਰੀ ਕਾਨਫਰੰਸ ਕਲਾ, ਰੰਗਮੰਚ ਤੇ ਲੋਕ ਸਰੋਕਾਰਾਂ ਨੂੰ ਸਮਰਪਿਤ ਇਪਟਾ ਪੰਜਾਬ ਦੀ ਰਾਜ ਪੱਧਰੀ ਕਾਨਫਰੰਸ ਕਲਾ, ਰੰਗਮੰਚ ਅਤੇ ਲੋਕ ਸਰੋਕਾਰਾਂ ਨੂੰ ਸਮਰਪਿਤ
Publish Date: Sun, 27 Sep 2026 09:29 PM (IST)
Updated Date: Sun, 27 Sep 2026 09:30 PM (IST)
ਸੁੱਖੀ ਟਿੱਬਾ ਪੰਜਾਬੀ ਜਾਗਰਣ ਹੁਸੈਨਪੁਰ : ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਪੰਜਾਬ ਦੀ ਦੋ ਰੋਜ਼ਾ ਰਾਜ ਪੱਧਰੀ ਕਾਨਫਰੰਸ ਦਾ ਆਗਾਜ਼ ਕਪੂਰਥਲਾ ਵਿਖੇ ਉਤਸ਼ਾਹਪੂਰਨ ਤੇ ਸੱਭਿਆਚਾਰਕ ਮਾਹੌਲ ਵਿੱਚ ਹੋਇਆ। ਕਾਨਫਰੰਸ ਦੇ ਪਹਿਲੇ ਦਿਨ ਦੋ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ ਤੇ ਦੂਜਾ ਤੇ ਅਹਿਮ ਦਿਨ ਰੰਗਮੰਚ ਤੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਰਿਹਾ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਪਟਾ ਦੇ ਕਲਾਕਾਰਾਂ, ਰੰਗਕਰਮੀਆਂ ਤੇ ਕਾਰਕੁਨਾਂ ਨੇ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ। ਕਾਨਫਰੰਸ ਦੀ ਸ਼ੁਰੂਆਤ ਇਪਟਾ ਅੰਮ੍ਰਿਤਸਰ ਦੀ ਕਲਾਕਾਰ ਹਰਮਨ ਵੱਲੋਂ ‘ਕਾਲੀ ਰਾਤ’ ਗੀਤ ਦੀ ਪੇਸ਼ਕਾਰੀ ਨਾਲ ਹੋਈ। ਇਸ ਤੋਂ ਬਾਅਦ ਇਪਟਾ ਆਰਸੀਐੱਫ ਦੇ ਬੱਚਿਆਂ ਨੇ ਕਿਰਤੀ-ਕਾਮਿਆਂ ਦੇ ਹੱਕਾਂ ਨਾਲ ਸਬੰਧਤ ਗੀਤ ਪੇਸ਼ ਕਰਕੇ ਸਮਾਗਮ ਵਿੱਚ ਜੋਸ਼ ਤੇ ਇਨਕਲਾਬੀ ਮਾਹੌਲ ਸਿਰਜ ਦਿੱਤਾ। ਇਸ ਉਪਰੰਤ ਝੰਡੇ ਦੀ ਰਸਮ ਅਦਾ ਕੀਤੀ ਗਈ। ਝੰਡੇ ਦੀ ਰਸਮ ਤੋਂ ਬਾਅਦ ਇਪਟਾ ਕਪੂਰਥਲਾ ਦੇ ਪ੍ਰਧਾਨ ਡਾ. ਹਰਭਜਨ ਸਿੰਘ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਕਲਾਕਾਰਾਂ ਤੇ ਕਾਰਕੁਨਾਂ ਨੂੰ ਜੀ ਆਇਆਂ ਆਖਿਆ। ਇਸ ਤੋਂ ਬਾਅਦ ਓਪਨ ਸੈਸ਼ਨ ਦਾ ਆਗਾਜ਼ ਹੋਇਆ, ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਪ੍ਰਤੀਨਿਧੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਓਪਨ ਸੈਸ਼ਨ ਵਿੱਚ ਵਿੱਕੀ ਮਹੇਸ਼ਰੀ ਨੇ “ਭਗਤ ਸਿੰਘ ਇਪਟਾ ਦਾ ਆਦਰਸ਼ ਕਿਉਂ ਹੈ?” ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਭਗਤ ਸਿੰਘ ਦੀ ਵਿਚਾਰਧਾਰਾ ਤੇ ਇਪਟਾ ਦੀ ਸੱਭਿਆਚਾਰਕ ਯਾਤਰਾ ਦੇ ਆਪਸੀ ਸਬੰਧਾਂ ਬਾਰੇ ਗੱਲ ਕਰਦਿਆਂ ਹਾਜ਼ਰੀਨ ਨੂੰ ਕ੍ਰਾਂਤੀਕਾਰੀ ਤੇ ਲੋਕ ਪੱਖੀ ਸੋਚ ਨਾਲ ਜੋੜਿਆ। ਇਸ ਮੌਕੇ ਰਾਣਾ ਸੋਢੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਵਿਸ਼ੇਸ਼ ਤੌਰ ’ਤੇ ਝਾਰਖੰਡ ਤੋਂ ਇਪਟਾ ਪੰਜਾਬ ਦੀ ਕਾਨਫਰੰਸ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸ਼ੈਲੇਂਦਰ ਕੁਮਾਰ ਨੇ ਕਲਾ ਦੇ ਪ੍ਰਭਾਵ ਤੇ ਸਮਾਜ ਵਿੱਚ ਰੰਗਮੰਚ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਰੱਖਦਿਆਂ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਕਿਹਾ ਕਿ “ਰੰਗਮੰਚ ਤੋਂ ਦੁਨੀਆ ਬਦਲ ਸਕਦੀ ਹੈ” ਤੇ ਕਲਾ ਕੋਲ ਲੋਕਾਂ ਦੀ ਜ਼ਿੰਦਗੀ ਤੇ ਸਮਾਜ ਵਿੱਚ ਤਬਦੀਲੀ ਲਿਆਉਣ ਦੀ ਸੰਭਾਵਨਾ ਮੌਜੂਦ ਹੈ। ਉਨ੍ਹਾਂ ਨੇ ਕਲਾ ਨੂੰ ਸਿਰਫ਼ ਮਨੋਰੰਜਨ ਦਾ ਸਾਧਨ ਨਾ ਸਮਝ ਕੇ ਸਮਾਜਿਕ ਚੇਤਨਾ ਤੇ ਬਦਲਾਅ ਦਾ ਪ੍ਰਭਾਵਸ਼ਾਲੀ ਮਾਧਿਅਮ ਬਣਾਉਣ ’ਤੇ ਜ਼ੋਰ ਦਿੱਤਾ। ਕਾਨਫਰੰਸ ਦੇ ਤੀਜੇ ਸੈਸ਼ਨ ਵਿੱਚ ਇਪਟਾ ਨਾਲ ਜੁੜੇ ਤੇ ਇਸ ਦੁਨੀਆ ਤੋਂ ਵਿਦਾ ਹੋ ਚੁੱਕੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਬਲਕਾਰ ਸਿੱਧੂ, ਪ੍ਰਧਾਨ ਇਪਟਾ ਚੰਡੀਗੜ੍ਹ ਵੱਲੋਂ ਸੋਗ ਮਤੇ ਪੜ੍ਹੇ ਗਏ। ਇਸ ਤੋਂ ਬਾਅਦ ਇੰਦਰਜੀਤ ਰੂਪੋਵਾਲੀ, ਜਨਰਲ ਸਕੱਤਰ ਇਪਟਾ ਪੰਜਾਬ ਨੇ ਪਿਛਲੇ ਤਿੰਨ ਸਾਲਾਂ ਦੀ ਇਪਟਾ ਪੰਜਾਬ ਦੀ ਸਰਗਰਮੀ ਤੇ ਕਾਰਗੁਜ਼ਾਰੀ ਸਬੰਧੀ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ। ਇਸ ਉਪਰੰਤ ਵੱਖ-ਵੱਖ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨੇ ਆਪਣੇ-ਆਪਣੇ ਜ਼ਿਲ੍ਹਿਆਂ ਦੀ ਪਿਛਲੇ ਤਿੰਨ ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਤੇ ਜ਼ਿਲ੍ਹਾ ਪੱਧਰ ’ਤੇ ਕੀਤੀਆਂ ਸੱਭਿਆਚਾਰਕ ਤੇ ਰੰਗਮੰਚੀ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਹਰਕਮਲਜੀਤ ਸਾਹਿਲ ਵੱਲੋਂ ਸੰਪਾਦਿਤ ਇਪਟਾ ਦੀ ਸੱਭਿਆਚਾਰਕ ਪੱਤਰਿਕਾ ‘ਸਪਤ ਸਿੰਧੂ’ ਵੀ ਲੋਕ ਅਰਪਣ ਕੀਤੀ ਗਈ। ਕਾਨਫਰੰਸ ਦੇ ਅਗਲੇ ਪੜਾਅ ਵਿੱਚ ਇਪਟਾ ਪੰਜਾਬ ਦੀ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਕਾਰਜਕਾਰੀ ਕਮੇਟੀ ਵਿੱਚ ਇੰਦਰਜੀਤ ਰੂਪੋਵਾਲੀ ਨੂੰ ਪ੍ਰਧਾਨ, ਦਿਲਬਾਗ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਤੇ ਡਾ ਕੁਲਦੀਪ ਦੀਪ, ਡਾ. ਹਰਭਜਨ, ਗੁਰਮੀਤ ਪਾੜ੍ਹਾ, ਡਾ. ਅਮਨ ਭੋਗਲ ਤੇ ਨੀਰਜ ਕੌਸ਼ਿਕ ਨੂੰ ਮੀਤ ਪ੍ਰਧਾਨ, ਵਿੱਕੀ ਮਹੇਸ਼ਰੀ ਨੂੰ ਜਨਰਲ ਸਕੱਤਰ, ਦਲਜੀਤ ਸੋਨਾ ਨੂੰ ਸਕੱਤਰ, ਸਰਬਜੀਤ ਰੂਪੋਵਾਲੀ ਨੂੰ ਜੱਥੇਬੰਧਕ ਸਕੱਤਰ, ਪੁਨੀਤ ਵਾਟਸ ਨੂੰ ਪ੍ਰੈੱਸ ਸਕੱਤਰ, ਸ਼ਰਨਜੀਤ ਸੋਹਲ ਨੂੰ ਕੈਸ਼ੀਅਰ, ਕੁੱਕੂ ਦੀਵਾਨ ਤੇ ਡਾ. ਦੀਪ ਜਗਦੀਪ ਨੂੰ ਸਹਾਇਕ ਸਕੱਤਰ, ਦਿਲਪ੍ਰੀਤ ਚੌਹਾਨ ਤੇ ਸਤਨਾਮ ਮੂਧਾਲ ਨੂੰ ਸਹਾਇਕ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਬਲਕਾਰ ਸਿੱਧੂ ਵੱਲੋਂ ਨਵੀਂ ਕਾਰਜਕਾਰੀ ਕਮੇਟੀ ਦਾ ਐਲਾਨ ਕੀਤਾ ਗਿਆ। ਉਨ੍ਹਾਂ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਪਟਾ ਦੀ ਕਲਾ ਤੇ ਰੰਗਮੰਚ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਲੋਕਾਂ, ਕਿਰਤੀ-ਕਾਮਿਆਂ ਤੇ ਸਮਾਜ ਦੇ ਸਰੋਕਾਰਾਂ ਦੀ ਆਵਾਜ਼ ਨੂੰ ਕਲਾ ਰਾਹੀਂ ਬੁਲੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਨਵੀਂ ਕਾਰਜਕਾਰੀ ਕਮੇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਤੇ ਨਵੀਆਂ ਪਹਿਲਕਦਮੀਆਂ ਰਾਹੀਂ ਹੋਰ ਲੋਕਾਂ ਨੂੰ ਇਪਟਾ ਨਾਲ ਜੋੜਨ ਲਈ ਪ੍ਰੇਰਿਤ ਕੀਤਾ।