ਇਪਟਾ ਵੱਲੋਂ ਵਿਸ਼ਾਲ ਲੋਕ ਪੱਖੀ ਸੱਭਿਆਚਾਰਕ ਨਾਟਕ ਮੇਲੇ ਦਾ ਆਯੋਜਨ ਇਪਟਾ ਵੱਲੋਂ ਵਿਸ਼ਾਲ ਲੋਕ ਪੱਖੀ ਸੱਭਿਆਚਾਰਕ ਨਾਟਕ ਮੇਲੇ ਦਾ ਆਯੋਜਨ
Publish Date: Thu, 01 Oct 2026 07:53 PM (IST)
Updated Date: Thu, 01 Oct 2026 07:54 PM (IST)
ਇਪਟਾ ਨੇ ਆਪਣੀ ਇਤਿਹਾਸਕ ਰੰਗਮੰਚ ਪਰੰਪਰਾ ਤੇ ਲੋਕ-ਪੱਖੀ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਇਆ ਵੱਖ-ਵੱਖ ਜ਼ਿਲ੍ਹਿਆਂ ਦੇ ਕਲਾਕਾਰਾਂ, ਲੇਖਕਾਂ, ਨਿਰਦੇਸ਼ਕਾਂ ਤੇ ਨਾਟਕ ਟੀਮਾਂ ਨੇ ਦਿੱਤੀਆਂ ਯਾਦਗਾਰੀ ਪੇਸ਼ਕਾਰੀ ਸੁੱਖੀ ਟਿੱਬਾ ਪੰਜਾਬੀ ਜਾਗਰਣ ਹੁਸੈਨਪੁਰ : ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਪੰਜਾਬ ਵੱਲੋਂ ਆਪਣੀ ਇਤਿਹਾਸਕ ਰੰਗਮੰਚ ਪਰੰਪਰਾ ਤੇ ਲੋਕ-ਪੱਖੀ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਕਪੂਰਥਲਾ ਵਿਖੇ ਇੱਕ ਵਿਸ਼ਾਲ ਲੋਕ ਪੱਖੀ ਸੱਭਿਆਚਾਰਕ ਨਾਟਕ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਪਟਾ ਦੇ ਕਲਾਕਾਰਾਂ, ਰੰਗਕਰਮੀਆਂ, ਲੇਖਕਾਂ, ਨਿਰਦੇਸ਼ਕਾਂ ਤੇ ਸੱਭਿਆਚਾਰਕ ਕਾਰਕੁਨਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਇਪਟਾ ਦੇ ਝੰਡੇ ਦੀ ਰਸਮ ਨਾਲ ਹੋਈ, ਜਿਸ ਤੋਂ ਬਾਅਦ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਓਪਨ ਏਅਰ ਸਟੇਜ ਤੇ ਨਾਟਕ ਪ੍ਰਸਤੁਤੀਆਂ ਦਾ ਦੌਰ ਸ਼ੁਰੂ ਹੋਇਆ। ਇਸ ਪ੍ਰੋਗਰਾਮ ਦਾ ਸੰਚਾਲਨ ਸਹਿਬਾਜ਼ ਖਾਨ, ਬੀਬਾ ਕੁਲਵੰਤ ਤੇ ਸਵਰਾਜ ਕੌਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਇਪਟਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾ. ਹਰਭਜਨ ਸਿੰਘ ਨੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਆਰਸੀਐੱਫ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਪਟਾ ਆਰਸੀਐੱਫ ਕਪੂਰਥਲਾ ਦੀ ਅਗਵਾਈ ਹੇਠ ਸਾਈਬਰ ਠੱਗੀ ਖ਼ਿਲਾਫ਼ ਇੱਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਨਾਟਕ ਮੇਲੇ ਵਿੱਚ ਬਾਹਰੋਂ ਆਈਆਂ ਟੀਮਾਂ ਨੇ ਵੀ ਆਪਣੀਆਂ ਯਾਦਗਾਰ ਪੇਸ਼ਕਾਰੀਆਂ ਦਿੱਤੀਆਂ। ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਇਪਟਾ ਅੰਮ੍ਰਿਤਸਰ ਵੱਲੋਂ ਦਲਜੀਤ ਸੋਨਾ ਦੇ ਨਿਰਦੇਸ਼ਨ ਹੇਠ ਜੋਗਿੰਦਰ ਬਾਹਰਲੇ ਦੁਆਰਾ ਲਿਖਿਆ ਇਪਟਾ ਪੰਜਾਬ ਦਾ ਪ੍ਰਸਿੱਧ ਨਾਟ ਰੂਪਾਂਤਰ ‘ਹਾੜੀਆਂ ਸੌਣੀਆਂ’ ਪੇਸ਼ ਕੀਤਾ ਗਿਆ। ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਵੱਲੋਂ ਬੀਬਾ ਕੁਲਵੰਤ ਦੀ ਨਿਰਦੇਸ਼ਨ ਹੇਠ ‘ਖੋਹੀਆਂ ਰੱਖੀਆਂ’ ਦੀ ਸਫਲ ਪੇਸ਼ਕਾਰੀ ਕੀਤੀ ਗਈ। ਇਸ ਤੋਂ ਇਲਾਵਾ ਇਪਟਾ ਜਲੰਧਰ ਵੱਲੋਂ ਪ੍ਰਧਾਨ ਨੀਰਜ ਕੌਸ਼ਿਕ ਦੇ ਨਿਰਦੇਸ਼ਨ ਹੇਠ ‘ਜ਼ੰਜੀਰੇ’ ਨਾਟਕ ਦਾ ਮੰਚਨ ਕੀਤਾ ਗਿਆ, ਇਨ੍ਹਾਂ ਸਾਰੇ ਨਾਟਕਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਨਾਟਕ ਮੇਲੇ ਵਿੱਚ ਸੁਰਿੰਦਰ ਸੰਨ੍ਹ ਮੁੱਖ ਮਹਿਮਾਨ ਵਜੋਂ ਤੇ ਡਾ. ਲਵਪ੍ਰੀਤ ਕੌਰ, ਡਾ. ਰਾਮ ਮੂਰਤੀ ਤੇ ਪੱਤਰਕਾਰ ਬਲਜੀਤ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਮੁੱਖ ਅਧਿਆਪਕ ਸੰਤੋਖ ਮੱਲ੍ਹੀ ਨੂੰ ਸਮਾਜ ਵਿੱਚ ਉਨ੍ਹਾਂ ਦੇ ਸਲਾਹੁਣਯੋਗ ਕੰਮਾਂ ਨੂੰ ਦੇਖਦੇ ਹੋਏ ਮਿਲੇ ਸਟੇਟ ਅਵਾਰਡ ਲਈ ਵਿਸ਼ੇਸ਼ ਤੌਰ ਤੇ ਇਪਟਾ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਕੌਮੀ ਇਪਟਾ ਦੇ ਮੁੱਖ ਸਕੱਤਰ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਇਪਟਾ ਨੇ ਦੇਸ਼ ਵਿੱਚ ਲੋਕ-ਪੱਖੀ ਸੱਭਿਆਚਾਰਕ ਅੰਦੋਲਨ ਨੂੰ ਮਜ਼ਬੂਤ ਕਰਨ ਵਿੱਚ ਇਤਿਹਾਸਕ ਭੂਮਿਕਾ ਨਿਭਾਈ ਹੈ ਤੇ ਅੱਜ ਵੀ ਸਮਾਜਿਕ ਸਰੋਕਾਰਾਂ ਨਾਲ ਜੁੜੀ ਕਲਾ ਰਾਹੀਂ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰ ਰਹੀ ਹੈ। ਇਸ ਮੌਕੇ ਉੱਘੇ ਨਾਟਕਕਾਰ ਤੇ ਵਿਦਵਾਨ ਡਾ. ਭੂਪਿੰਦਰ ਕੌਰ, ਬਲਕਾਰ ਸਿੱਧੂ, ਕੰਵਲ ਨੈਨ ਸੇਖੋਂ, ਦਿਲਬਾਰ ਸਿੰਘ (ਸੰਗਰੂਰ), ਪੱਤਰਕਾਰ ਸੁਖਵਿੰਦਰ ਸੁੱਖੀ, ਇਪਟਾ ਦੇ ਪ੍ਰੈਸ ਸਕੱਤਰ ਪੁਨੀਤ ਵਾਟਸ, ਸਰਨਜੀਤ ਸੋਹਲ, ਦੀਪਕ ਨਾਹਰ, ਆਂਚਲ, ਸਰਬਜੀਤ ਰੂਪੇਵਾਲੀ, ਇਪਟਾ ਪੰਜਾਬ ਦੇ ਜਨਰਲ ਸਕੱਤਰ ਵਿੱਕੀ ਮਹੇਸ਼ਰੀ, ਅਵਤਾਰ ਮੋਗਾ, ਦਿਲਪ੍ਰੀਤ ਚੌਹਾਨ (ਬਰਨਾਲਾ), ਆਰਸੀਐੱਫ ਮੈਨਜ਼ ਯੂਨੀਅਨ ਦੇ ਜਨਰਲ ਸਕੱਤਰ ਸੁਰਜੀਤ ਸਿੰਘ, ਇਪਟਾ ਆਰਸੀਐੱਫ ਦੇ ਪ੍ਰਧਾਨ ਜਸਪਾਲ ਸਿੰਘ, ਐੱਸਸੀ/ਐੱਸਟੀ ਯੂਨੀਅਨ ਦੇ ਆਗੂ ਸੰਪੂਰਨ ਸਿੰਘ, ਸ਼ਹੀਦ ਭਗਤ ਸਿੰਘ ਇੰਸਟੀਚਿਊਟ ਦੇ ਸਕੱਤਰ ਦਲਜੀਤ ਸਿੰਘ ਬਾਜਵਾ ਤੇ ਉਨ੍ਹਾਂ ਦੀ ਟੀਮ, ਇਪਟਾ ਆਗੂ ਬਿਜਰੋਰ, ਚੰਡੀਗੜ੍ਹ ਤੋਂ ਕੁੰਭ ਦੀਵਾਨ, ਐਡਵੋਕੇਟ ਰਜੀਵਨ ਸਿੰਘ ਵੀ ਹਾਜ਼ਰ ਸਨ।