ਅੰਤਰਰਾਸ਼ਟਰੀ ਫੋਟੋਗ੍ਰਾਫਰ ਹਰਭਜਨ ਬਾਜਵਾ ਦਾ ਦਿਹਾਂਤ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਫੋਟੋਗ੍ਰਾਫਰ ਹਰਭਜਨ ਬਾਜਵਾ ਦਾ 85 ਸਾਲ ਦੀ ਉਮਰ 'ਚ ਦਿਹਾਂਤ; ਸਾਹਿਤਕ ਜਗਤ 'ਚ ਸ਼ੋਕ ਦੀ ਲਹਿਰ
Publish Date: Sat, 12 Sep 2026 09:10 PM (IST)
Updated Date: Sat, 12 Sep 2026 09:11 PM (IST)
85 ਸਾਲ ਦੀ ਉਮਰ ਚ ਲਿਆ ਆਖਰੀ ਸਾਹ ਸਾਹਿਤਕ ਜਗਤ ਚ ਸ਼ੋਕ ਦੀ ਲਹਿਰ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਦੇ ਮਹਾਨ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫੋਟੋਗ੍ਰਾਫਰ ਹਰਭਜਨ ਸਿੰਘ ਬਾਜਵਾ 85 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਬਟਾਲਾ ਵਿਖੇ ਰਹਿ ਰਹੇ ਸਨ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਪੰਜਾਬੀ ਸਾਹਿਤਕ ਤੇ ਕਲਾ ਜਗਤ ਵਿੱਚ ਗਹਿਰੇ ਦੁੱਖ ਦੀ ਲਹਿਰ ਦੌੜ ਗਈ ਹੈ। ਹਰਭਜਨ ਸਿੰਘ ਬਾਜਵਾ ਨੇ ਆਪਣੀ ਕੈਮਰਾ ਕਲਾ ਦੇ ਜ਼ਰੀਏ ਪੰਜਾਬੀ ਸਾਹਿਤ, ਵੱਖ-ਵੱਖ ਲੇਖਕ ਸਮਾਗਮਾਂ, ਅੰਤਰਰਾਸ਼ਟਰੀ ਕਾਨਫਰੰਸਾਂ ਤੇ ਪ੍ਰਮੁੱਖ ਲੇਖਕਾਂ ਦੀਆਂ ਇਤਿਹਾਸਕ ਤਸਵੀਰਾਂ ਦਾ ਇੱਕ ਬਹੁਤ ਵੱਡਾ ਤੇ ਅਨਮੋਲ ਖਜ਼ਾਨਾ (ਜ਼ਖੀਰਾ) ਤਿਆਰ ਕੀਤਾ ਸੀ। ਉਹ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਵਿੱਚ ਬੇਹੱਦ ਹਰਮਨਪਿਆਰੇ ਸਨ। ਉਨ੍ਹਾਂ ਦੇ ਦਿਹਾਂਤ ਤੇ ਪੰਜਾਬੀ ਲੇਖਕਾਂ ਤੇ ਸੱਭਿਆਚਾਰਕ ਸ਼ਖਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਹਰਭਜਨ ਬਾਜਵਾ ਕੇਵਲ ਪੰਜਾਬ ਦੇ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਫੋਟੋਗ੍ਰਾਫਰ ਸਨ। ਉਨ੍ਹਾਂ ਨੇ ਆਪਣੀ ਕਲਾ ਦੇ ਜ਼ਰੀਏ ਪੰਜਾਬੀ ਸਾਹਿਤਕ ਇਤਿਹਾਸ ਨੂੰ ਕੈਮਰੇ ਦੀ ਅੱਖ ਚ ਸੰਭਾਲਣ ਦਾ ਅਹਿਮ ਕਾਰਜ ਕੀਤਾ ਹੈ। ਹੋਰ ਪ੍ਰਮੁੱਖ ਸ਼ਖਸੀਅਤਾਂ ਜਿਨ੍ਹਾਂ ਵਿੱਚ ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ, ਬਲਦੇਵ ਕੋਮਲ ਤੇ ਹੋਰ ਕਈ ਨਾਮਵਰ ਪੰਜਾਬੀ ਲੇਖਕਾਂ ਤੇ ਬੁੱਧੀਜੀਵੀਆਂ ਨੇ ਹਰਭਜਨ ਬਾਜਵਾ ਦੇ ਅਕਾਲ ਚਲਾਣੇ ਤੇ ਪਰਿਵਾਰ ਨਾਲ ਸੰਵੇਦਨਾ ’ਤੇ ਦੁੱਖ ਪ੍ਰਗਟਾਇਆ। ਸਾਹਿਤਕ ਜਗਤ ਨੇ ਉਨ੍ਹਾਂ ਦੇ ਦਿਹਾਂਤ ਨੂੰ ਪੰਜਾਬੀ ਕਲਾ ਤੇ ਸਾਹਿਤਕ ਇਤਿਹਾਸਕਾਰੀ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।