ਕੰਵਰ ਸ਼ੰਕਰ ਸਿੰਘ ਪਰਵਾਨਾ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਦੀ ਝੋਲੀ ਪਿਆ ਸ਼ੰਕਰ ਸਿੰਘ ਪਰਵਾਨਾ ਯਾਦਗਾਰੀ ਐਵਾਰਡ 2026
Publish Date: Mon, 26 Oct 2026 06:58 PM (IST)
Updated Date: Mon, 26 Oct 2026 07:01 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਪ੍ਰਧਾਨ ਸਿਰਜਣਾ ਕੇਂਦਰ (ਰਜਿ.) ਵਿਰਸਾ ਵਿਹਾਰ ਕਪੂਰਥਲਾ ਜ਼ਿਲ੍ਹਾ ਚੇਅਰਮੈਨ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਕਪੂਰਥਲਾ ਤੇ ਪੰਜਾਬ ਸਰਕਾਰ ਦੇ ਸਿੱਖਿਆ ਖੇਤਰ ਦੇ ਸੂਬਾ ਪੱਧਰੀ ਅਦਾਰੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਚੰਡੀਗੜ੍ਹ ਦੀ ਕੈਬਨਿਟ ਕਮੇਟੀ ਦੇ ਮੈਂਬਰ ਦਾ ਸ਼ੰਕਰ ਸਿੰਘ ਪਰਵਾਨਾ ਯਾਦਗਾਰੀ ਐਵਾਰਡ -2026 ਨਾਲ ਹੋਇਆ ਸਨਮਾਨ। ਜ਼ਿਕਰਯੋਗ ਹੈ ਕਿ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਮਕਬੂਲ ਸ਼ਾਇਰ ਸ਼ੈਲਿੰਦਰਜੀਤ ਸਿੰਘ ਰਾਜਨ ਤੇ ਉਨ੍ਹਾਂ ਦੀ ਸਮੁੱਚੀ ਟੀਮ ਜੋ ਕਿ ਲਗਭਗ ਪਿਛਲੇ 40 ਸਾਲਾਂ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੀ ਆ ਰਹੀ ਹੈ, ਵੱਲੋਂ ਸ਼ੁਰੂ ਕੀਤੇ ਗਏ ਸਨਮਾਨਾਂ ਦੀ ਨਿਰੰਤਰਤਾ ਕਾਇਮ ਰੱਖਦਿਆਂ ਇਸ ਵਾਰ ਸ਼ੰਕਰ ਸਿੰਘ ਪਰਵਾਨਾ ਯਾਦਗਾਰੀ ਐਵਾਰਡ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ ਕੰਵਰ ਇਕਬਾਲ ਸਿੰਘ ਦੀ ਝੋਲੀ ਵਿੱਚ ਪਾਇਆ ਗਿਆ। ਸਾਹਿਤ ਸਭਾ ਬਾਬਾ ਬਕਾਲਾ ਦੇ ਮੁੱਖ ਸੰਚਾਲਕ ਸ਼ੈਲਿੰਦਰਜੀਤ ਸਿੰਘ ਰਾਜਨ ਨੇ ਕੰਵਰ ਇਕਬਾਲ ਸਿੰਘ ਦਾ ਸਨਮਾਨ ਕਰਨ ਤੋਂ ਪਹਿਲਾਂ ਉਨ੍ਹਾਂ ਬਾਰੇ ਸਨਮਾਨ ਪੱਤਰ ਪੜ੍ਹਦਿਆਂ ਕਿਹਾ ਕਿ ਇਕਬਾਲ ਜੀ ਕਿਸੇ ਵਿਸ਼ੇਸ਼ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਦਿੱਲੀ ਸਰਕਾਰ ਵੱਲੋਂ ਹਰ ਸਾਲ 26 ਜਨਵਰੀ ਤੇ 15 ਅਗਸਤ ਨੂੰ ਦਿੱਲੀ ਦੇ ਲਾਲ ਕਿਲੇ ’ਤੇ ਕਰਵਾਏ ਜਾਣ ਵਾਲੇ ਕੌਮਾਂਤਰੀ ਪੰਜਾਬੀ ਕਵੀ ਦਰਬਾਰਾਂ ਵਿੱਚ ਪਿਛਲੇ ਤਕਰੀਬਨ ਵੀਹਾਂ ਸਾਲਾਂ ਤੋਂ ਨਿਰੰਤਰ ਇਨ੍ਹਾਂ ਨੂੰ ਹਿੰਦੁਸਤਾਨ ਦੇ 24 ਪੰਜਾਬੀ ਸ਼ਾਇਰਾਂ ਵਿੱਚ ਬੁਲਾਇਆ ਜਾ ਰਿਹਾ ਹੈ। ਇਕਬਾਲ ਜੀ ਦੇ ਲਿਖੇ ਗੀਤ ਬੱਚਿਆਂ ਦੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਹਨ। ਬਹੁਤ ਸਾਰੇ ਮਕਬੂਲ ਗਾਇਕਾਂ ਨੇ ਇਨ੍ਹਾਂ ਦੇ ਗੀਤਾਂ ਨੂੰ ਗਾਇਆ ਵੀ ਹੈ। ਪਿਛਲੇ 40 ਸਾਲਾਂ ਤੋਂ ਨਿਰੰਤਰ ਵਿਸ਼ਵ ਪ੍ਰਸਿੱਧ ਲੇਖਕਾਂ ਦੀ ਮਕਬੂਲ ਸੰਸਥਾ ਸਿਰਜਣਾ ਕੇਂਦਰ ਦੇ ਪ੍ਰਧਾਨ ਵਜੋਂ ਵੀ ਪਿਛਲੇ ਪੰਜ ਸਾਲਾਂ ਤੋਂ ਸੇਵਾ ਨਿਭਾ ਰਹੇ ਹਨ।