ਜੀਐੱਨਏ ਯੂਨੀਵਰਸਿਟੀ ਨੇ ਕਰਵਾਈ ਇੰਟਰਨਲ ਹੈਕਾਥਾਨ ਦਾ ਆਯੋਜਨ ਸਮਾਰਟ ਇੰਡੀਆ ਹੈਕਾਥਾਨ 2026 ਲਈ ਜੀਐਨਏ ਯੂਨੀਵਰਸਿਟੀ ਵੱਲੋਂ ਇੰਟਰਨਲ ਹੈਕਾਥਾਨ ਦਾ ਆਯੋਜਨ
Publish Date: Sun, 13 Sep 2026 06:50 PM (IST)
Updated Date: Sun, 13 Sep 2026 06:53 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਐੱਨਏ ਯੂਨੀਵਰਸਿਟੀ ਵੱਲੋਂ ਵੱਕਾਰੀ ਸਮਾਰਟ ਇੰਡੀਆ ਹੈਕਾਥਾਨ 2026 ਲਈ ਹੋਣਹਾਰ ਟੀਮਾਂ ਦੀ ਪਛਾਣ ਤੇ ਚੋਣ ਕਰਨ ਦੇ ਉਦੇਸ਼ ਨਾਲ ਬੀਤੇ ਦਿਨ ਇੰਟਰਨਲ ਹੈਕਾਥਾਨ ਦਾ ਸਫਲ ਆਯੋਜਨ ਕੀਤਾ ਗਿਆ। ਸਮਾਰਟ ਇੰਡੀਆ ਹੈਕਾਥਾਨ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲ ਹੈ, ਜਿਸਦਾ ਉਦੇਸ਼ ਦੇਸ਼ ਦੇ ਨੌਜਵਾਨਾਂ ਵਿੱਚ ਨਵੀਨਤਾ, ਰਚਨਾਤਮਕਤਾ, ਉੱਦਮਸ਼ੀਲਤਾ ਤੇ ਸਮੱਸਿਆ-ਹੱਲ ਕਰਨ ਦੀ ਯੋਗਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਇੰਟਰਨਲ ਹੈਕਾਥਾਨ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਭਰਪੂਰ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਦੌਰਾਨ 486 ਵਿਦਿਆਰਥੀਆਂ ਦੀਆਂ 81 ਟੀਮਾਂ ਨੇ ਹਿੱਸਾ ਲਿਆ। ਭਾਗ ਲੈਣ ਵਾਲੀਆਂ ਟੀਮਾਂ ਨੇ 61 ਸਮੱਸਿਆਵਾਂ (ਪੋ੍ਰਬਲਮ ਸਟੇਟਮੈਂਟ ) ਤੇ ਮੁਕਾਬਲਾ ਕਰਦੇ ਹੋਏ ਵੱਖ-ਵੱਖ ਅਸਲ ਜੀਵਨ ਦੀਆਂ ਚੁਣੌਤੀਆਂ ਦੇ ਹੱਲ ਲਈ ਆਪਣੇ ਨਵੀਨਤਮ ਵਿਚਾਰ ਤੇ ਤਕਨਾਲੋਜੀ-ਅਧਾਰਿਤ ਹੱਲ ਪੇਸ਼ ਕੀਤੇ। ਭਾਗ ਲੈਣ ਵਾਲੀਆਂ ਟੀਮਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ, ਰੋਬੋਟਿਕਸ ਤੇ ਆਟੋਮੇਸ਼ਨ, ਸਿਹਤ ਸੇਵਾਵਾਂ, ਖੇਤੀਬਾੜੀ ਤੇ ਪੇਂਡੂ ਵਿਕਾਸ, ਨਵਿਆਉਣਯੋਗ ਊਰਜਾ, ਸਮਾਰਟ ਇਨਫ੍ਰਾਸਟਰੱਕਚਰ, ਸਿੱਖਿਆ, ਸਾਈਬਰ ਸੁਰੱਖਿਆ ਤੇ ਟਿਕਾਊ ਵਿਕਾਸ ਸਮੇਤ ਕਈ ਉੱਭਰ ਰਹੇ ਤੇ ਮਹੱਤਵਪੂਰਨ ਖੇਤਰਾਂ ਵਿੱਚ ਆਪਣੇ ਹੱਲ ਪੇਸ਼ ਕੀਤੇ। ਇਸ ਪ੍ਰੋਗਰਾਮ ਦਾ ਉਦਘਾਟਨ ਡਾ. ਹੇਮੰਤ ਸ਼ਰਮਾ, ਵਾਈਸ ਚਾਂਸਲਰ, ਡਾ. ਮੋਨਿਕਾ ਹੰਸਪਾਲ, ਡੀਨ ਅਕਾਦਮਿਕਸ, ਡਾ. ਸੀਆਰ ਤ੍ਰਿਪਾਠੀ ਤੇ ਹੋਰ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਪਤਵੰਤੇ ਸੱਜਣਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਹੌਸਲਾ ਵਧਾਉਂਦੇ ਹੋਏ ਉਨ੍ਹਾਂ ਨੂੰ ਅਸਲ ਜੀਵਨ ਦੀਆਂ ਚੁਣੌਤੀਆਂ ਦੇ ਹੱਲ ਵਿਕਸਿਤ ਕਰਨ ਲਈ ਤਕਨਾਲੋਜੀ, ਰਚਨਾਤਮਕਤਾ ਤੇ ਨਵੀਨਤਾ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਇੰਟਰਨਲ ਹੈਕਾਥਾਨ ਨੇ ਵਿਦਿਆਰਥੀਆਂ ਨੂੰ ਆਪਣੀ ਤਕਨੀਕੀ ਜਾਣਕਾਰੀ, ਰਚਨਾਤਮਕਤਾ, ਟੀਮ ਵਰਕ, ਲੀਡਰਸ਼ਿਪ ਸਮਰੱਥਾ, ਉੱਦਮਸ਼ੀਲ ਸੋਚ ਤੇ ਸਮੱਸਿਆ-ਹੱਲ ਕਰਨ ਦੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਸ਼ਾਨਦਾਰ ਮੰਚ ਪ੍ਰਦਾਨ ਕੀਤਾ। ਟੀਮਾਂ ਦਾ ਮੁਲਾਂਕਣ ਉਨ੍ਹਾਂ ਦੇ ਹੱਲ ਦੀ ਗੁਣਵੱਤਾ, ਨਵੀਨਤਾ, ਵਿਵਹਾਰਿਕਤਾ ਤੇ ਸੰਭਾਵਿਤ ਪ੍ਰਭਾਵ ਦੇ ਆਧਾਰ ਤੇ ਕੀਤਾ ਗਿਆ। ਡਾ. ਮੋਨਿਕਾ ਹੰਸਪਾਲ, ਡੀਨ ਅਕਾਦਮਿਕਸ ਨੇ ਵਿਦਿਆਰਥੀਆਂ ਦੇ ਉਤਸ਼ਾਹ ਤੇ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਾਰਟ ਇੰਡੀਆ ਹੈਕਾਥਾਨ ਵਰਗੀਆਂ ਪਹਿਲਕਦਮੀਆਂ ਵਿਦਿਆਰਥੀਆਂ ਵਿੱਚ ਨਵੀਨਤਾ, ਰਚਨਾਤਮਕਤਾ, ਸਹਿਯੋਗ ਤੇ ਵਿਵਹਾਰਿਕ ਸਮੱਸਿਆ-ਹੱਲ ਕਰਨ ਦੇ ਹੁਨਰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਫੈਕਲਟੀ ਮੈਂਬਰਾਂ, ਮੈਂਟਰਾਂ, ਜੂਰੀ ਮੈਂਬਰਾਂ, ਜੱਜਾਂ ਤੇ ਆਯੋਜਨ ਟੀਮਾਂ ਵੱਲੋਂ ਮਹੱਤਵਪੂਰਨ ਸਹਿਯੋਗ ਤੇ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ। ਯੂਨੀਵਰਸਿਟੀ ਦੇ ਚਾਂਸਲਰ ਨੇ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।