ਲਾਇਲਪੁਰ ਖ਼ਾਲਸਾ ਕਾਲਜ ’ਚ ਕਰਵਾਇਆ ਇੰਟਰ ਕਾਲਜ ਆਈਟੀ ਫੈਸਟ
ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕਰਵਾਇਆ ਇੰਟਰ ਕਾਲਜ ਆਈ ਟੀ ਫੈਸਟ TechTitans-2026
Publish Date: Sat, 21 Feb 2026 07:41 PM (IST)
Updated Date: Sat, 21 Feb 2026 07:42 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਕੰਪਿਊਟਰ ਸਾਇੰਸ ਤੇ ਐਪਲੀਕੇਸ਼ਨ ਵਿਭਾਗ ਨੇ ਸਫ਼ਲਤਾ ਪੂਰਵਕ ਇੰਟਰ ਕਾਲਜ ਆਈਟੀ ਫੈਸਟ ਪ੍ਰੋਗਰਾਮ ਆਯੋਜਿਤ ਕੀਤਾ। ਜਿਸ ਵਿਚ ਵੱਖ-ਵੱਖ ਕਾਲਜਾਂ ਦੇ 160 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ ਡਾ. ਆਰਪੀਐੱਸ ਬੇਦੀ ਡੀਨ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਤੇ ਡਾ. ਮਨਪ੍ਰੀਤ ਸਿੰਘ ਲਹਿਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਤੇ ਉਨ੍ਹਾਂ ਨੂੰ ਤਕਨੀਕੀ ਸਿੱਖਿਆ ਨਾਲ ਜੋੜਣ ਲਈ ਕਾਲਜ ਵਿਚ ਸਮੇਂ-ਸਮੇਂ ਤੇ ਅਜਿਹੇ ਮੁਕਾਬਲੇ, ਸੈਮੀਨਾਰ ਤੇ ਵਰਕਸ਼ਾਪ ਆਦਿ ਪ੍ਰੋਗਰਾਮ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਆਈਟੀ ਫੈਸਟ ਵਿਦਿਆਰਥੀਆਂ ਲਈ ਇਕ ਐਸਾ ਮੰਚ ਹੈ, ਜਿਥੇ ਉਹ ਆਪਣੀ ਤਕਨੀਕੀ ਕਾਬਲੀਅਤ, ਰਚਨਾਤਮਕਤਾ ਤੇ ਨਵੀਨਤਾ ਨੂੰ ਪ੍ਰਗਟ ਕਰ ਸਕਦੇ ਹਨ। ਮੁੱਖ ਮਹਿਮਾਨ ਡਾ. ਬੇਦੀ ਨੇ ਕਿਹਾ ਕਿ ਇਹ ਤਕਨੀਕੀ ਤੇ ਰਚਨਾਤਮਕ ਮੁਕਾਬਲਿਆਂ ਵਾਲਾ ਅਜਿਹਾ ਆਈਟੀ ਫੈਸਟ ਹੈ, ਜੋ ਵਿਦਿਆਰਥੀਆਂ ਨੂੰ ਭਵਿੱਖ ਦੇ ਟੈਕਨੋਲਜੀ ਖੇਤਰ ਵਿਚ ਆਪਣੇ ਯੋਗਦਾਨ ਨੂੰ ਸਹੀ ਰੂਪ ਵਿਚ ਪ੍ਰਗਟ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਆਈਟੀ ਫੈਸਟ ਸਿਰਫ਼ ਮਨੋਰੰਜਨ ਨਹੀਂ, ਸਗੋਂ ਗਿਆਨ, ਹੁਨਰ ਤੇ ਵਿਅਕਤੀਗਤ ਵਿਕਾਸ ਦਾ ਮਹੱਤਵਪੂਰਨ ਸਾਧਨ ਹੈ। ਵਿਸ਼ੇਸ਼ ਮਹਿਮਾਨ ਡਾ. ਮਨਪ੍ਰੀਤ ਸਿੰਘ ਲਹਿਲ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਸ਼ੇ ਚ ਨਵੀਆਂ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਚ ਸਹਾਈ ਸਿੱਧ ਹੁੰਦੇ ਹਨ। ਪ੍ਰੋਗਰਾਮ ਦੇ ਅੰਤ ਵਿਚ ਕੰਪਿਊਟਰ ਸਾਇੰਸ ਤੇ ਐਪਲੀਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਦਮਨਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਇਸ ਆਈਟੀ ਫੈਸਟ ਵਿਚ ਇੰਨੀ ਵੱਡੀ ਪੱਧਰ ’ਤੇ ਵਿਦਿਆਰਥੀ ਸ਼ਾਮਲ ਹੋਏ। ਇਸ ਪ੍ਰੋਗਰਾਮ ਦੌਰਾਨ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਓਵਰਆਲ ਟਰਾਫ਼ੀ, ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਫਸਟ ਰਨਰ ਅੱਪ ਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਕਪੂਰਥਲਾ ਨੇ ਸੈਕਿੰਡ ਰਨਰ ਅੱਪ ਦੀ ਟਰਾਫੀ ਪ੍ਰਾਪਤ ਕੀਤੀ। ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਅਮਨਦੀਪ ਕੌਰ ਚੀਮਾ, ਪ੍ਰੋ ਪ੍ਰਭਜੋਤ ਕੌਰ, ਪ੍ਰੋ ਕੰਚਨ ਗੁਪਤਾ, ਪ੍ਰੋ. ਗੁਰਕਮਲ ਕੌਰ, ਪ੍ਰੋ. ਸੁਮੀਤ ਸਰਾਓ, ਪ੍ਰੋ ਸੰਦੀਪ ਸਿੰਘ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ। ਮੁਕਾਬਲਿਆ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਵਰਿੰਦਰ ਕੌਰ ਤੇ ਪ੍ਰੋ. ਜਸਪ੍ਰੀਤ ਕੌਰ ਨੇ ਕੀਤਾ।