ਕਪੂਰਥਲਾ 'ਚ ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬ ਅਗਲੇ ਮਹੀਨੇ ਤੋਂ ਹੋਵੇਗੀ ਚਾਲੂ ਕਪੂਰਥਲਾ 'ਚ ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬ ਅਗਲੇ ਮਹੀਨੇ ਤੋਂ ਹੋਵੇਗੀ ਚਾਲੂ
Publish Date: Thu, 20 Aug 2026 09:54 PM (IST)
Updated Date: Thu, 20 Aug 2026 09:57 PM (IST)
ਦੋ ਮੰਜ਼ਿਲਾ ਇਮਾਰਤ ਦਾ ਨਿਰਮਾਣ ਕਾਰਜ ਅੰਤਿਮ ਪੜਾਅ ’ਚ ਇੱਕੋ ਛੱਤ ਹੇਠ ਮਿਲਣਗੀਆਂ ਕਈ ਤਰ੍ਹਾਂ ਦੇ ਵਿਸ਼ੇਸ਼ ਟੈਸਟਾਂ ਦੀਆਂ ਸਹੂਲਤਾਂ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿਖੇ 1.25 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੀ ਜਾ ਰਹੀ ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬ ਨਾਲ ਜ਼ਿਲ੍ਹੇ ਦੇ ਜਨਤਕ ਸਿਹਤ ਢਾਂਚੇ ਨੂੰ ਵੱਡਾ ਹੁਲਾਰਾ ਮਿਲਣ ਜਾ ਰਿਹਾ ਹੈ। ਲੈਬਾਰਟਰੀ ਦੀ ਇਮਾਰਤ ਦਾ ਨਿਰਮਾਣ ਕਾਰਜ ਅੰਤਿਮ ਪੜਾਅ ’ਤੇ ਹੈ ਅਤੇ ਇਹ ਲੈਬ ਅਗਲੇ ਮਹੀਨੇ ਤੋਂ ਕਾਰਜਸ਼ੀਲ ਹੋ ਜਾਵੇਗੀ। ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਤਹਿਤ ਸਥਾਪਿਤ ਕੀਤੀ ਜਾ ਰਹੀ ਇਹ ਦੋ ਮੰਜ਼ਿਲਾ ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬ ਲਗਭਗ 5,000 ਵਰਗ ਫੁੱਟ ’ਚ ਫੈਲੀ ਹੋਵੇਗੀ, ਜਿਸ ਦੀ ਗਰਾਊਂਡ ਅਤੇ ਪਹਿਲੀ ਮੰਜ਼ਿਲ ’ਤੇ 2,500-2,500 ਵਰਗ ਫੁੱਟ ਜਗ੍ਹਾ ਹੈ। ਇਸ ਅਤਿ-ਆਧੁਨਿਕ ਸਹੂਲਤ ਦੀਆਂ ਦੋਵੇਂ ਮੰਜ਼ਿਲਾਂ ’ਤੇ ਮਹੱਤਵਪੂਰਨ ਡਾਇਗਨੌਸਟਿਕ ਸੈਕਸ਼ਨ ਹੋਣਗੇ। ਗਰਾਊਂਡ ਫਲੋਰ ਤੇ ਹੀਮਾਟੋਲੋਜੀ ਅਤੇ ਬਾਇਓਕੈਮਿਸਟਰੀ, ਪੀ.ਸੀ.ਆਰ. ਰੂਮ, ਮਾਸਟਰ ਮਿਕਸ ਰੂਮ, ਐਕਸਟ੍ਰੈਕਸ਼ਨ ਰੂਮ, ਮੋਲੇਕਿਊਲਰ ਡਾਇਗਨੌਸਟਿਕ ਵਾਇਰੋਲੋਜੀ, ਕੋਲਡ ਰੂਮ, ਸੈਂਪਲ ਕਲੈਕਸ਼ਨ, ਸਟੋਰ, ਡੋਨਿੰਗ ਅਤੇ ਡੋਫਿੰਗ ਏਰੀਆ ਦੇ ਨਾਲ-ਨਾਲ ਹੋਰ ਸਹਾਇਕ ਸਹੂਲਤਾਂ ਸ਼ਾਮਲ ਹੋਣਗੀਆਂ। ਪਹਿਲੀ ਮੰਜ਼ਿਲ ’ਤੇ ਸਾਈਟੋਲੋਜੀ ਅਤੇ ਸੇਰੋਲੋਜੀ, ਕਲਚਰ ਮੀਡੀਆ, ਮਾਈਕੋ ਬੈਕਟੀਰੀਓਲੋਜੀ, ਬੈਕਟੀਰੀਓਲੋਜੀ, ਵਾਸ਼ਿੰਗ ਅਤੇ ਸਟਰਲਾਈਜ਼ਿੰਗ ਸੁਵਿਧਾਵਾਂ ਅਤੇ ਕਲੀਨਿਕਲ ਪੈਥੋਲੋਜੀ ਲੈਬਾਰਟਰੀ ਦੇ ਨਾਲ ਸਟਾਫ ਅਤੇ ਹੋਰ ਸਹਾਇਕ ਖੇਤਰ ਹੋਣਗੇ। ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬ ਦੀ ਸਥਾਪਨਾ ਨਾਲ ਜ਼ਿਲ੍ਹੇ ਦੇ ਵਸਨੀਕਾਂ ਨੂੰ ਮਿਲਣ ਵਾਲੀਆਂ ਡਾਇਗਨੌਸਟਿਕ ਸੇਵਾਵਾਂ ਵਿੱਚ ਵੱਡਾ ਸੁਧਾਰ ਹੋਵੇਗਾ। ਇੱਕੋ ਥਾਂ ’ਤੇ ਕਈ ਤਰ੍ਹਾਂ ਦੇ ਵਿਸ਼ੇਸ਼ ਟੈਸਟਾਂ ਅਤੇ ਲੈਬਾਰਟਰੀ ਸੇਵਾਵਾਂ ਉਪਲਬਧ ਹੋਣ ਨਾਲ ਮਰੀਜ਼ਾਂ ਨੂੰ ਵੱਖ-ਵੱਖ ਜਾਂਚਾਂ ਲਈ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਭਟਕਣਾ ਪਵੇਗਾ, ਜਿਸ ਨਾਲ ਉਨ੍ਹਾਂ ਦੇ ਕੀਮਤੀ ਸਮੇਂ, ਮਿਹਨਤ ਅਤੇ ਪੈਸੇ ਦੀ ਬਚਤ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਸੁਵਿਧਾ ਲੋਕਾਂ ਦੇ ਨੇੜੇ ਪਹੁੰਚਯੋਗ, ਮਿਆਰੀ ਅਤੇ ਸਮੁੱਚੀਆਂ ਲੈਬਾਰਟਰੀ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸਥਾਪਿਤ ਕੀਤੀ ਜਾ ਰਹੀ ਹੈ। ਇਸ ਦੇ ਚਾਲੂ ਹੋਣ ਨਾਲ ਬੀਮਾਰੀਆਂ ਦੀ ਨਿਗਰਾਨੀ, ਸਮੇਂ ਸਿਰ ਜਾਂਚ ਅਤੇ ਪ੍ਰਭਾਵਸ਼ਾਲੀ ਜਨਤਕ ਸਿਹਤ ਕਦਮਾਂ ਲਈ ਜ਼ਿਲ੍ਹਾ ਸਿਹਤ ਪ੍ਰਣਾਲੀ ਦੀ ਸਮਰੱਥਾ ਵੀ ਮਜ਼ਬੂਤ ਹੋਵੇਗੀ। ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬ ਛੂਤ ਦੀਆਂ ਅਤੇ ਹੋਰ ਬੀਮਾਰੀਆਂ ਦੀ ਪਛਾਣ, ਬੀਮਾਰੀਆਂ ਦੇ ਫੈਲਣ ਦੀ ਤੇਜ਼ੀ ਨਾਲ ਜਾਂਚ, ਬੈਕਟੀਰੀਆ, ਵਾਇਰਸ ਆਦਿ ਲਈ ਮਾਈਕ੍ਰੋਬਾਇਓਲੋਜੀਕਲ ਟੈਸਟਿੰਗ ਅਤੇ ਪੀ.ਸੀ.ਆਰ.-ਅਧਾਰਿਤ ਜਾਂਚਾਂ ਸਮੇਤ ਹੀਮਾਟੋਲੋਜੀ, ਬਾਇਓਕੈਮਿਸਟਰੀ ਅਤੇ ਮੋਲੇਕਿਊਲਰ ਟੈਸਟਾਂ ਦੀ ਲੜੀ ਦੀ ਸੁਵਿਧਾ ਦੇ ਕੇ ਜਨਤਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਇਹ ਫੈਸੀਲਿਟੀ ਹਸਪਤਾਲ ਅਤੇ ਸਿਹਤ ਕੇਂਦਰਾਂ ਨੂੰ ਮਹੱਤਵਪੂਰਨ ਡਾਇਗਨੌਸਟਿਕ ਸਹਾਇਤਾ ਵੀ ਪ੍ਰਦਾਨ ਕਰੇਗੀ, ਜਿਸ ਨਾਲ ਬੀਮਾਰੀਆਂ ਦੀ ਜਲਦੀ ਪਛਾਣ, ਸਮੇਂ ਸਿਰ ਇਲਾਜ, ਬਿਮਾਰੀਆਂ ਦੀ ਨਿਗਰਾਨੀ ਅਤੇ ਪ੍ਰਭਾਵਸ਼ਾਲੀ ਜਨਤਕ-ਸਿਹਤ ਉਪਰਾਲਿਆਂ ਲਈ ਜ਼ਿਲ੍ਹੇ ਦੀ ਸਮਰੱਥਾ ਮਜ਼ਬੂਤ ਹੋਵੇਗੀ। ਕਾਰਜਕਾਰੀ ਇੰਜੀਨੀਅਰ ਵਿਸ਼ਾਲ ਜੰਗਰਾਲ ਨੇ ਦੱਸਿਆ ਕਿ ਨਿਰਮਾਣ ਕਾਰਜ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਸਤੰਬਰ ਦੇ ਮੱਧ ਤੱਕ ਇਮਾਰਤ ਮੁਕੰਮਲ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ ਇਸ ਸੁਵਿਧਾ ਨੂੰ ਚਾਲੂ ਕਰ ਦਿੱਤਾ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ’ਤੇ ਸੰਪਰਕ ਕੀਤਾ ਜਾ ਸਕਦਾ ਹੈ।