ਵੱਡੀਆਂ ਇਮਾਰਤਾਂ ਦੀ ਥਾਂ ਆਮ ਲੋਕਾਂ ਵਿਚਕਾਰ ਐੱਮਪੀ ਡਾ. ਚੱਬੇਵਾਲ ਨੇ ਖੋਲ੍ਹਿਆ ਦਫ਼ਤਰ ਵੱਡੀਆਂ ਇਮਾਰਤਾਂ ਦੀ ਥਾਂ ਆਮ ਲੋਕਾਂ ਵਿਚਕਾਰ ਐਮਪੀ ਡਾ. ਚੱਬੇਵਾਲ ਨੇ ਖੋਲ੍ਹਿਆ ਆਪਣਾ ਦਫ਼ਤਰ
Publish Date: Thu, 20 Aug 2026 09:09 PM (IST)
Updated Date: Thu, 20 Aug 2026 09:12 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਆਮ ਤੌਰ ’ਤੇ ਦੇਖਣ ਵਿੱਚ ਆਉਂਦਾ ਹੈ ਕਿ ਸਿਆਸੀ ਆਗੂਆਂ ਵੱਲੋਂ ਆਪਣੇ ਦਫ਼ਤਰ ਸ਼ਹਿਰ ਦੀਆਂ ਪ੍ਰਮੁੱਖ ਅਤੇ ਮਹਿੰਗੀਆਂ ਇਮਾਰਤਾਂ ਵਿੱਚ ਬਣਾਏ ਜਾਂਦੇ ਹਨ ਤਾਂ ਜੋ ਆਪਣੇ ਰੁਤਬੇ ਅਤੇ ਅਹੁਦੇ ਦਾ ਜ਼ੋਰ ਦਿਖਾਇਆ ਜਾ ਸਕੇ। ਪਰ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੀ ਸੋਚ ਨੂੰ ਅੱਗੇ ਵਧਾਉਂਦਿਆਂ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਫਗਵਾੜਾ ਡਾ. ਰਾਜ ਕੁਮਾਰ ਚੱਬੇਵਾਲ ਨੇ ਇੱਕ ਵੱਖਰੀ ਪਹਿਲ ਕੀਤੀ ਹੈ। ਉਨ੍ਹਾਂ ਨੇ ਸ਼ਹਿਰ ਦੀਆਂ ਵੱਡੀਆਂ ਤੇ ਮਹਿੰਗੀਆਂ ਇਮਾਰਤਾਂ ਤੋਂ ਦੂਰ ਆਮ ਲੋਕਾਂ ਦੀ ਪਹੁੰਚ ਵਾਲੇ ਖੇਤਰ ਵਿੱਚ ਆਪਣਾ ਦਫ਼ਤਰ ਖੋਲ੍ਹਿਆ ਹੈ। ਡਾ. ਚੱਬੇਵਾਲ ਦਾ ਇਹ ਦਫ਼ਤਰ ਜੇਸੀਟੀ ਮਿੱਲ ਮਾਰਕੀਟ ਦੇ ਬਿਲਕੁਲ ਨਜ਼ਦੀਕ ਸਥਿਤ ਹੈ, ਜਿੱਥੇ ਸ਼ਹਿਰ ਦੇ ਆਮ ਲੋਕਾਂ ਦੀ ਆਵਾਜਾਈ ਲਗਾਤਾਰ ਬਣੀ ਰਹਿੰਦੀ ਹੈ। ਦਫ਼ਤਰ ਨੂੰ ਅਜਿਹੀ ਥਾਂ ’ਤੇ ਖੋਲ੍ਹਣ ਦਾ ਮਕਸਦ ਇਹ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਲੈ ਕੇ ਕਿਸੇ ਦੂਰ-ਦੁਰਾਡੇ ਜਾਂ ਮਹਿੰਗੇ ਦਫ਼ਤਰ ਵਿੱਚ ਜਾਣ ਦੀ ਬਜਾਏ ਆਸਾਨੀ ਨਾਲ ਆਪਣੇ ਨੁਮਾਇੰਦੇ ਤੱਕ ਪਹੁੰਚ ਮਿਲ ਸਕੇ। ਇਸ ਪਹਿਲ ਨੂੰ ਰਾਜਨੀਤੀ ਵਿੱਚ ਆਮ ਲੋਕਾਂ ਨਾਲ ਜੁੜਨ ਦੀ ਇੱਕ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਹਲਕੇ ਦੇ ਲੋਕ ਅਕਸਰ ਸੜਕਾਂ, ਸੀਵਰੇਜ, ਪਾਣੀ, ਸਫ਼ਾਈ, ਸਿਹਤ, ਰੋਜ਼ਗਾਰ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਸਮੱਸਿਆਵਾਂ ਲੈ ਕੇ ਆਪਣੇ ਲੋਕ ਨੁਮਾਇੰਦਿਆਂ ਤੱਕ ਪਹੁੰਚ ਕਰਦੇ ਹਨ। ਅਜਿਹੇ ਵਿੱਚ ਆਮ ਲੋਕਾਂ ਦੇ ਵਿਚਕਾਰ ਦਫ਼ਤਰ ਹੋਣ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸੁਣਨ ਅਤੇ ਸਬੰਧਤ ਵਿਭਾਗਾਂ ਤੱਕ ਪਹੁੰਚਾਉਣ ਵਿੱਚ ਸਹੂਲਤ ਮਿਲਣ ਦੀ ਉਮੀਦ ਹੈ। ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਦਫ਼ਤਰ ਲਈ ਚੁਣੀ ਗਈ ਥਾਂ ਇਹ ਸੰਦੇਸ਼ ਵੀ ਦਿੰਦੀ ਹੈ ਕਿ ਲੋਕ ਨੁਮਾਇੰਦੇ ਅਤੇ ਆਮ ਲੋਕਾਂ ਵਿਚਕਾਰ ਦੂਰੀ ਘਟਾਉਣੀ ਜ਼ਰੂਰੀ ਹੈ। ਜੇਕਰ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਨੇੜੇ ਬੈਠ ਕੇ ਸੁਣੀਆਂ ਜਾਣ ਅਤੇ ਉਨ੍ਹਾਂ ਦੇ ਹੱਲ ਲਈ ਗੰਭੀਰਤਾ ਨਾਲ ਯਤਨ ਕੀਤੇ ਜਾਣ ਤਾਂ ਇਸ ਨਾਲ ਲੋਕਾਂ ਦਾ ਆਪਣੇ ਨੁਮਾਇੰਦਿਆਂ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੋ ਸਕਦਾ ਹੈ। ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਧਾਰਮਿਕ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ-ਆਸਰਾ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ, ਵਰਕਰ ਅਤੇ ਇਲਾਕੇ ਦੇ ਲੋਕ ਮੌਜੂਦ ਰਹੇ।ਉਪਰੰਤ ਸਾਉਣ ਮਹੀਨੇ ਦੀ ਅਸ਼ਟਮੀ ਨੂੰ ਮੁੱਖ ਰੱਖਦਿਆਂ ਐਮਪੀ ਡਾ. ਰਾਜਕੁਮਾਰ ਚੱਬੇਵਾਲ ਵੱਲੋਂ ਕੰਜਕ ਪੂਜਨ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਦੀ ਖੂਬਸੂਰਤੀ ਇਸ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਭਿੰਨਤਾ ਵਿੱਚ ਹੈ ਅਤੇ ਉਹ ਸਾਰੇ ਧਰਮਾਂ, ਵਰਗਾਂ ਅਤੇ ਭਾਈਚਾਰਿਆਂ ਦਾ ਦਿਲੋਂ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰ ਧਰਮ ਸਾਨੂੰ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੰਦਾ ਹੈ। ਲੋਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਨਵਾਂ ਦਫ਼ਤਰ ਜੇਸੀਟੀ ਮਿੱਲ ਮਾਡਲ ਟਾਉਨ ਮਾਰਕੀਟ ਨੇੜੇ ਖੋਲ੍ਹਿਆ ਗਿਆ ਇਹ ਦਫ਼ਤਰ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇੱਕ ਲੋਕ ਨੁਮਾਇੰਦਾ ਆਪਣਾ ਦਫ਼ਤਰ ਆਮ ਲੋਕਾਂ ਦੀ ਪਹੁੰਚ ਵਾਲੀ ਥਾਂ ’ਤੇ ਬਣਾਉਂਦਾ ਹੈ ਅਤੇ ਉੱਥੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਉਪਲਬਧ ਰਹਿੰਦਾ ਹੈ ਤਾਂ ਇਸ ਨਾਲ ਆਮ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਵਧੀਆ ਮੌਕਾ ਮਿਲ ਸਕਦਾ ਹੈ। ਡਾ. ਚੱਬੇਵਾਲ ਦੀ ਇਸ ਪਹਿਲ ਨੂੰ ਫਗਵਾੜਾ ਦੀ ਸਿਆਸਤ ਵਿੱਚ ਆਮ ਲੋਕਾਂ ਨਾਲ ਸਿੱਧਾ ਸੰਪਰਕ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।