ਸਰਕਾਰ ਮੁਲਾਜ਼ਮਾਂ ਨੂੰ ਡਰਾਉਣ ਦੀ ਥਾਂ, ਉਨ੍ਹਾਂ ਦੇ ਬਣਦੇ ਹੱਕ ਦੇਵੇ : ਝੰਡੂਵਾਲ ਸਰਕਾਰ ਮੁਲਾਜ਼ਮਾਂ ਨੂੰ ਡਰਾਉਣ ਦੀ ਥਾਂ ਉਨ੍ਹਾਂ ਨਾਲ਼ ਗੱਲਬਾਤ ਕਰੇ ਅਤੇ ਉਨ੍ਹਾਂ ਦੇ ਬਣਦੇ ਹੱਕ ਦੇਵੇ : ਝੰਡੂਵਾਲ
Publish Date: Mon, 31 Aug 2026 10:22 PM (IST)
Updated Date: Mon, 31 Aug 2026 10:25 PM (IST)
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੁਰਾਣੀ ਪੈਨਸ਼ਨ ਸਕੀਮ, ਡੀਏ ਦੀਆਂ ਕਿਸ਼ਤਾਂ ਲਾਗੂ ਕਰਵਾਉਣ, ਰੈਗੂਲਰ ਭਰਤੀ ਤੇ ਬੰਦ ਪਏ 37 ਤਰ੍ਹਾਂ ਦੇ ਭੱਤਿਆਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਉੱਪਰ ਪੰਜਾਬ ਸਰਕਾਰ ਕਾਰਵਾਈ ਕਰਨ ਦੇ ਡਰਾਵੇ ਨਾ ਦੇਵੇ ਸਗੋਂ ਉਨ੍ਹਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਉਨ੍ਹਾਂ ਨਾਲ਼ ਗੱਲਬਾਤ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਸੁਲਤਾਨਪੁਰ ਲੋਧੀ ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਸੁਖਪਾਲਬੀਰ ਸਿੰਘ ਝੰਡੂਵਾਲ ਨੇ ਕਿਹਾ ਪੰਜਾਬ ਭਰ ਦੇ ਸਮੁੱਚੇ ਮੁਲਾਜ਼ਮਾਂ ਵੱਲੋਂ ਕੀਤੀ ਗਈ 27 ਅਗਸਤ ਦੀ ਮਹਾਂ ਹੜਤਾਲ ਤੋਂ ਬਾਅਦ ਸਰਕਾਰ ਬੁਖਲਾਹਟ ਵਿੱਚ ਆ ਕੇ ਮੁਲਾਜ਼ਮਾਂ ਨੂੰ ਕਾਰਵਾਈ ਦੇ ਨੋਟਿਸ ਕੱਢ ਰਹੀ ਹੈ, ਜੋ ਕਿ ਗ਼ਲਤ ਵਰਤਾਰਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਸਭ ਤੋਂ ਵੱਧ ਤਨਖਾਹ ਦਿੱਤੀ ਜਾ ਰਹੀ ਹੈ ਜਦ ਕਿ 2020 ਤੋਂ ਬਾਅਦ ਭਰਤੀ ਹੋਣ ਵਾਲੇ ਕਲਰਕ ਨੂੰ ਤਿੰਨ ਸਾਲਾਂ ਲਈ ਬੇਸਿਕ ਪੇਅ 19,900 ਰੁਪਏ ਹੀ ਦਿੱਤੇ ਜਾ ਰਹੇ ਹਨ ਜਦ ਕਿ ਕੇਂਦਰ ਸਰਕਾਰ ਕਲਰਕ ਨੂੰ 36,960 ਰੁਪਏ ਤੇ ਹੋਰ ਭੱਤੇ ਵੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ 25 ਸਾਲ ਨੌਕਰੀ ਕਰਨ ਤੋਂ ਬਾਅਦ ਜੇ ਮੁਲਾਜ਼ਮਾਂ ਦੀ ਤਨਖਾਹ 80-90 ਹਜ਼ਾਰ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੈ। ਸਗੋਂ ਉਨ੍ਹਾਂ ਦੀ ਤਨਖਾਹ ਨਿਯਮਾਂ ਅਨੁਸਾਰ ਹੀ ਵਧੀ ਹੈ।