ਇਸ ਵਾਰ ਹਰੀ ਦੀਵਾਲੀ ਮਨਾਉਣ ਦਾ ਲਓ ਪ੍ਰਣ : ਕੁਲਦੀਪ ਇਸ ਵਾਰ ਹਰੀ ਦੀਵਾਲੀ ਮਨਾਉਣ ਦਾ ਲਓ ਪ੍ਰਣ : ਕੁਲਦੀਪ ਸਿੰਘ
Publish Date: Thu, 05 Nov 2026 06:41 PM (IST)
Updated Date: Thu, 05 Nov 2026 06:41 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਰੌਸ਼ਨੀਆਂ, ਖੁਸ਼ੀਆਂ ਤੇ ਭਾਈਚਾਰੇ ਦਾ ਤਿਉਹਾਰ ਦੀਵਾਲੀ ਹਰ ਸਾਲ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਲੋਕ ਆਪਣੇ ਘਰਾਂ ਨੂੰ ਸਜਾਉਣ, ਮਠਿਆਈਆਂ ਵੰਡਣ ਤੇ ਆਤਿਸ਼ਬਾਜ਼ੀ ’ਤੇ ਭਾਰੀ ਰਕਮ ਖਰਚ ਕਰਦੇ ਹਨ। ਹਾਲਾਂਕਿ ਦੀਵਾਲੀ ’ਤੇ ਵੱਡੇ ਪੱਧਰ ’ਤੇ ਪਟਾਕੇ ਚਲਾਉਣ ਨਾਲ ਹਵਾ ਤੇ ਸ਼ੋਰ ਪ੍ਰਦੂਸ਼ਣ ਵਧਦਾ ਹੈ। ਕੌਂਸਲਰ ਕੁਲਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਉਹ ਪਟਾਕਿਆਂ ਤੋਂ ਦੂਰ ਰਹਿ ਕੇ ਹਰੀ ਦੀਵਾਲੀ ਮਨਾਉਣ ਤੇ ਆਤਿਸ਼ਬਾਜ਼ੀ ’ਤੇ ਖਰਚ ਕੀਤੇ ਪੈਸੇ ਦੀ ਵਰਤੋਂ ਲੋੜਵੰਦਾਂ ਦੀ ਮਦਦ ਲਈ ਕਰਨ। ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਦੀਵਾਲੀ ’ਤੇ ਪਟਾਕੇ ਚਲਾਉਣ ਦਾ ਸਭ ਤੋਂ ਵੱਧ ਪ੍ਰਭਾਵ ਬਜ਼ੁਰਗਾਂ, ਛੋਟੇ ਬੱਚਿਆਂ ਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਤੇ ਪੈਂਦਾ ਹੈ। ਹਰ ਵਿਅਕਤੀ ਨੂੰ ਦੂਜਿਆਂ ਦੀ ਸਿਹਤ ਤੇ ਸਹੂਲਤ ਦਾ ਧਿਆਨ ਰੱਖਣਾ ਚਾਹੀਦਾ ਹੈ। ਲੋਕਾਂ ਨੂੰ ਪਟਾਕਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕੁਲਦੀਪ ਸਿੰਘ ਕਹਿੰਦੇ ਹਨ ਕਿ ਇਸ ਦੀਵਾਲੀ ’ਤੇ ਪਟਾਕਿਆਂ ’ਤੇ ਵੱਡੀ ਰਕਮ ਖਰਚ ਕਰਨ ਦੀ ਬਜਾਏ, ਉਸ ਪੈਸੇ ਦੀ ਵਰਤੋਂ ਕਿਸੇ ਗਰੀਬ ਪਰਿਵਾਰ ਦੀ ਮਦਦ ਲਈ ਕੀਤੀ ਜਾ ਸਕਦੀ ਹੈ। ਕਿਸੇ ਲੋੜਵੰਦ ਵਿਅਕਤੀ ਦੇ ਘਰ ਰਾਸ਼ਨ ਪਹੁੰਚਾਉਣਾ, ਬੱਚਿਆਂ ਨੂੰ ਕੱਪੜੇ ਤੇ ਮਠਿਆਈਆਂ ਦੇਣਾ ਜਾਂ ਕਿਸੇ ਲੋੜਵੰਦ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਦੀਵਾਲੀ ਮਨਾਉਣ ਦਾ ਇੱਕ ਵਧੀਆ ਤਰੀਕਾ ਹੈ। ਕੁਲਦੀਪ ਸਿੰਘ ਨੇ ਅਪੀਲ ਕੀਤੀ ਕਿ ਇਸ ਦੀਵਾਲੀ ਤੇ ਪਟਾਕਿਆਂ ਦੇ ਸ਼ੋਰ ਦੀ ਬਜਾਏ, ਦੀਵਿਆਂ ਦੀ ਰੌਸ਼ਨੀ ਤੇ ਲੋੜਵੰਦਾਂ ਦੀਆਂ ਮੁਸਕਰਾਹਟਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਹਰ ਪਰਿਵਾਰ ਨੂੰ ਆਪਣੀ ਸਮਰੱਥਾ ਅਨੁਸਾਰ ਕੁਝ ਸਮਾਜਿਕ ਕਾਰਜਾਂ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।