ਐੱਨਸੀਸੀ ਕੈਡਿਟਾਂ ਕੀਤਾ ਆਰਮਰਡ ਰੈਜੀਮੈਂਟ ਦਾ ਦੌਰਾ ਐਨਸੀਸੀ ਕੈਡਿਟਾਂ ਵੱਲੋਂ ਆਰਮਰਡ ਰੈਜੀਮੈਂਟ ਵਿਖੇ ਪ੍ਰੇਰਣਾਦਾਇਕ ਦੌਰਾ
Publish Date: Sat, 29 Aug 2026 08:42 PM (IST)
Updated Date: Sat, 29 Aug 2026 08:43 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਨੌਜਵਾਨਾਂ ਵਿੱਚ ਹਥਿਆਰਬੰਦ ਸੈਨਾਵਾਂ ਪ੍ਰਤੀ ਜਾਗਰੂਕਤਾ ਤੇ ਦੇਸ਼ ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 21 ਪੰਜਾਬ ਬਟਾਲੀਅਨ ਐੱਨਸੀਸੀ, ਕਪੂਰਥਲਾ (ਜਲੰਧਰ ਗਰੁੱਪ) ਦੇ 323 ਐੱਨਸੀਸੀ ਕੈਡਿਟਾਂ ਤੇ 12 ਏਐੱਨਓ/ਸੀਟੀਓਜ਼ ਨੇ 29 ਅਗਸਤ ਨੂੰ ਇੱਕ ਆਰਮਰਡ ਰੈਜੀਮੈਂਟ ਦਾ ਦੌਰਾ ਕਰਵਾਇਆ। ਇਹ ਦੌਰਾ ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੇ ਤਹਿਤ ਕਰਵਾਇਆ ਗਿਆ। ਦੌਰੇ ਦੌਰਾਨ ਕੈਡਿਟਾਂ ਨੂੰ ਆਰਮਰਡ ਕੋਰ ਦੀ ਭੂਮਿਕਾ, ਮੇਨ ਬੈਟਲ ਟੈਂਕਾਂ ਦੀਆਂ ਵਿਸ਼ੇਸ਼ਤਾਵਾਂ, ਫੌਜੀ ਜੀਵਨ ਤੇ ਹਥਿਆਰਬੰਦ ਸੈਨਾਵਾਂ ਵਿੱਚ ਅਫਸਰ ਵਜੋਂ ਭਰਤੀ ਹੋਣ ਦੇ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਕੈਡਿਟਾਂ ਨੇ ਜੰਗੀ ਟੈਂਕਾਂ ਨੂੰ ਨੇੜਿਓਂ ਦੇਖਿਆ ਤੇ ਫੌਜੀ ਜਵਾਨਾਂ ਨਾਲ ਗੱਲਬਾਤ ਵੀ ਕੀਤੀ। ਫੌਜੀ ਜਵਾਨਾਂ ਨਾਲ ਹੋਈ ਗੱਲਬਾਤ ਤੇ ਜੰਗੀ ਟੈਂਕਾਂ ਨੂੰ ਨੇੜਿਓਂ ਦੇਖਣ ਦਾ ਤਜਰਬਾ ਕੈਡਿਟਾਂ ਲਈ ਬੇਹੱਦ ਪ੍ਰੇਰਣਾਦਾਇਕ ਰਿਹਾ। ਇਸ ਮੌਕੇ ਉਨ੍ਹਾਂ ਵਿੱਚ ਮਾਣ, ਅਨੁਸ਼ਾਸਨ, ਦੇਸ਼ ਭਗਤੀ ਤੇ ਭਾਰਤੀ ਫੌਜ ਪ੍ਰਤੀ ਸਨਮਾਨ ਦੀ ਭਾਵਨਾ ਹੋਰ ਮਜ਼ਬੂਤ ਹੋਈ। ਇਸ ਦੌਰੇ ਵਿੱਚ ਐੱਮਜੀਐੱਨ ਪਬਲਿਕ ਸਕੂਲ ਕਪੂਰਥਲਾ, ਪਾਥਸੀਕਰਜ਼ ਇੰਟਰਨੈਸ਼ਨਲ ਸਕੂਲ ਕਪੂਰਥਲਾ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰਸੀਐੱਫ ਕਪੂਰਥਲਾ, ਕ੍ਰਾਈਸਟ ਜੋਤੀ ਕਾਨਵੈਂਟ ਸਕੂਲ ਕਪੂਰਥਲਾ, ਐੱਮਡੀਐੱਸਡੀ ਪਬਲਿਕ ਸਕੂਲ ਕਪੂਰਥਲਾ, ਸਕੂਲ ਆਫ ਐਮੀਨੈਂਸ ਕਪੂਰਥਲਾ, ਮਦਰਜ਼ ਪ੍ਰਾਈਡ ਸਕੂਲ ਕਪੂਰਥਲਾ, ਸੰਤ ਬਾਬਾ ਭਾਗ ਸਿੰਘ ਸੀਚੇਵਾਲ ਪਬਲਿਕ ਸਕੂਲ, ਫਾਲਕਨ ਇੰਟਰਨੈਸ਼ਨਲ ਸਕੂਲ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਲਾ ਸੰਘਿਆਂ, ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ, ਮਹਾਤਮਾ ਦਯਾਨੰਦ ਪਬਲਿਕ ਸਕੂਲ ਤੇ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਜਲੰਧਰ ਦੇ ਕੈਡਿਟਾਂ ਨੇ ਭਾਗ ਲਿਆ। 21 ਪੰਜਾਬ ਬਟਾਲੀਅਨ ਐੱਨਸੀਸੀ ਕਪੂਰਥਲਾ ਵੱਲੋਂ ਇਸ ਮੌਕੇ ਫੌਜ ਦੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ ਗਿਆ। ਬਟਾਲੀਅਨ ਵੱਲੋਂ ਕਿਹਾ ਗਿਆ ਕਿ ਅਜਿਹੇ ਦੌਰੇ ਨੌਜਵਾਨਾਂ ਨੂੰ ਭਾਰਤੀ ਫੌਜ ਦੇ ਜੀਵਨ ਤੇ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਨੂੰ ਕਰੀਅਰ ਵਜੋਂ ਚੁਣਨ ਲਈ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।