ਐੱਸਡੀਐੱਮ ਫਗਵਾੜਾ ਦੀ ਅਗਵਾਈ ਹੇਠ ਮਠਿਆਈਆਂ ਦੇ ਚਾਰ ਸੈਂਪਲ ਭਰੇ ਐਸ.ਡੀ.ਐਮ. ਫਗਵਾੜਾ ਦੀ ਅਗਵਾਈ ਹੇਠ ਮਠਿਆਈਆਂ ਦੀਆਂ ਪ੍ਰਮੁੱਖ ਦੁਕਾਨਾਂ ਦੀ ਜਾਂਚ, ਚਾਰ ਸੈਂਪਲ ਭਰੇ
Publish Date: Sat, 31 Oct 2026 09:02 PM (IST)
Updated Date: Sat, 31 Oct 2026 09:04 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਸੁਰੱਖਿਅਤ ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਐੱਸਡੀਐੱਮ ਫਗਵਾੜਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਐੱਸਡੀਐੱਮ ਫਗਵਾੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਗਵਾੜਾ ਵਿਖੇ ਮਠਿਆਈਆਂ ਦੀਆਂ ਪ੍ਰਮੁੱਖ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਕਾਰਵਾਈ ਦੌਰਾਨ ਅਸਿਸਟੈਂਟ ਕਮਿਸ਼ਨਰ ਫੂਡ, ਕਪੂਰਥਲਾ ਤੇ ਫੂਡ ਸੇਫਟੀ ਅਫ਼ਸਰ, ਏਰੀਆ-2 ਵੱਲੋਂ ਕੁੱਲ ਚਾਰ ਸੈਂਪਲ ਲਏ ਗਏ, ਜਿਨ੍ਹਾਂ ਵਿੱਚ ਚਾਕਲੇਟ ਬਰਫ਼ੀ, ਚਨਾ ਬਰਫ਼ੀ, ਮਿਲਕ ਪੇੜਾ ਤੇ ਕਾਜੂ ਕਤਲੀ ਸ਼ਾਮਲ ਹਨ। ਸਾਰੇ ਚਾਰ ਸੈਂਪਲ ਜਾਂਚ ਤੇ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬਾਰਟਰੀ ਵਿਖੇ ਭੇਜ ਦਿੱਤੇ ਗਏ ਹਨ। ਲੈਬਾਰਟਰੀ ਦੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦੀਵਾਲੀ-ਦੇ ਤਿਉਹਾਰਾਂ ਦੇ ਮੱਦੇਨਜ਼ਰ ਐੱਸਡੀਐੱਮ ਫਗਵਾੜਾ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵਿੱਚ ਤਹਿਸੀਲਦਾਰ, ਫਗਵਾੜਾ (ਇੰਚਾਰਜ), ਸਹਾਇਕ ਕਮਿਸ਼ਨਰ, ਨਗਰ ਨਿਗਮ ਫਗਵਾੜਾ (ਸਹਾਇਕ ਇੰਚਾਰਜ), ਫੂਡ ਸੇਫਟੀ ਅਫ਼ਸਰ, ਫਗਵਾੜਾ, ਮੁੱਖ ਅਫ਼ਸਰ (ਸਿਟੀ), ਫਗਵਾੜਾ, ਸੈਨੀਟੇਸ਼ਨ ਮੈਡੀਕਲ ਅਫ਼ਸਰ, ਸਿਵਲ ਹਸਪਤਾਲ ਫਗਵਾੜਾ ਤੇ ਸਹਾਇਕ ਖੁਰਾਕ ਤੇ ਸਿਵਲ ਸਪਲਾਈ ਅਫ਼ਸਰ, ਫਗਵਾੜਾ ਨੂੰ ਸ਼ਾਮਲ ਕੀਤਾ ਗਿਆ ਹੈ। ਐੱਸਡੀਐੱਮ ਵੱਲੋਂ ਕਿਹਾ ਗਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਜਾਂਚ ਮੁਹਿੰਮ ਲਗਾਤਾਰ ਜਾਰੀ ਰਹੇਗੀ। ਦੁਕਾਨਦਾਰਾਂ ਨੂੰ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਕਰਨ ਅਤੇ ਲੋਕਾਂ ਨੂੰ ਸਾਫ਼-ਸੁਥਰੀਆਂ ਤੇ ਮਿਆਰੀ ਮਠਿਆਈਆਂ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਗਈ।