ਗੈਰ-ਕਾਨੂੰਨੀ ਪਟਾਕਿਆਂ ਦੇ ਭੰਡਾਰਨ ’ਤੇ ਪ੍ਰਸ਼ਾਸਨ ਸਖ਼ਤ ਗੈਰ-ਕਾਨੂੰਨੀ ਪਟਾਕਿਆਂ ਦੇ ਭੰਡਾਰਨ ਦੀ ਜਾਂਚ ਲਈ ਐੱਸ.ਡੀ.ਐੱਮ. ਅਤੇ ਡੀ.ਐੱਸ.ਪੀ. ਵੱਲੋਂ ਨਿਰੀਖਣ
Publish Date: Mon, 19 Oct 2026 09:33 PM (IST)
Updated Date: Mon, 19 Oct 2026 09:36 PM (IST)
-ਐੱਸਡੀਐੱਮ ਤੇ ਡੀਐੱਸਪੀ ਵੱਲੋਂ ਸ਼ਹਿਰ ’ਚ ਨਿਰੀਖਣ ਕੀਤਾ ਗਿਆ -ਜਾਂਚ ਦੌਰਾਨ ਪਟਾਕਿਆਂ ਦਾ ਕੋਈ ਵੀ ਗੈਰ-ਕਾਨੂੰਨੀ ਭੰਡਾਰਨ ਨਹੀਂ ਮਿਲਿਆ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਵੱਲੋਂ ਐੱਸਡੀਐੱਮ ਮੇਜਰ ਡਾ. ਇਰਵਿਨ ਕੌਰ ਤੇ ਡੀਐੱਸਪੀ ਡਾ. ਸ਼ੀਤਲ ਸਿੰਘ ਦੀ ਅਗਵਾਈ ਹੇਠ ਪਟਾਕਿਆਂ ਦੇ ਗੋਦਾਮਾਂ ਦੀ ਜਾਂਚ ਕੀਤੀ ਗਈ। ਐੱਸਡੀਐੱਮ ਡਾ. ਇਰਵਿਨ ਕੌਰ ਨੇ ਦੱਸਿਆ ਕਿ ਜਾਂਚ ਦੌਰਾਨ ਪਟਾਕਿਆਂ ਦਾ ਕੋਈ ਵੀ ਗੈਰ-ਕਾਨੂੰਨੀ ਭੰਡਾਰਨ ਸਾਹਮਣੇ ਨਹੀਂ ਆਇਆ। ਭੀਲਾ ਰੋਡ ਸਥਿਤ ਗੋਦਾਮ ਦੀ ਜਾਂਚ ਦੌਰਾਨ ਉਸ ਦਾ ਲਾਇਸੈਂਸ ਸਹੀ ਪਾਇਆ ਗਿਆ ਤੇ ਉੱਥੇ ਰੱਖਿਆ ਪਟਾਕਿਆਂ ਦਾ ਸਟਾਕ ਵੀ ਨਿਰਧਾਰਤ ਮਾਪਦੰਡਾਂ ਅਨੁਸਾਰ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੂਬੇ ਭਰ ਵਿੱਚ ਜੋੜ ਵਾਲੇ ਪਟਾਕਿਆਂ, ਜਿਨ੍ਹਾਂ ਵਿੱਚ ਪਟਾਕਿਆਂ ਦੀਆਂ ਲੜੀਆਂ ਵੀ ਸ਼ਾਮਲ ਹਨ, ਦੇ ਨਿਰਮਾਣ, ਭੰਡਾਰਨ, ਵੰਡ, ਵਿਕਰੀ ਤੇ ਵਰਤੋਂ ’ਤੇ ਪਾਬੰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਰਫ਼ ਮਨਜ਼ੂਰਸ਼ੁਦਾ ਹਰੇ ਪਟਾਕਿਆਂ ਦੀ ਹੀ ਵਿਕਰੀ ਤੇ ਵਰਤੋਂ ਦੀ ਇਜਾਜ਼ਤ ਹੋਵੇਗੀ। ਇਨ੍ਹਾਂ ਪਟਾਕਿਆਂ ਵਿੱਚ ਬੇਰੀਅਮ ਲੂਣ ਜਾਂ ਐਂਟੀਮਨੀ, ਲਿਥੀਅਮ, ਪਾਰਾ, ਆਰਸੈਨਿਕ, ਲੈੱਡ ਜਾਂ ਸਟ੍ਰੋਂਟੀਅਮ ਕ੍ਰੋਮੇਟ ਦੇ ਯੋਗਿਕ ਨਹੀਂ ਹੋਣੇ ਚਾਹੀਦੇ। ਉਨ੍ਹਾਂ ਇਹ ਵੀ ਦੱਸਿਆ ਕਿ ਐਮਾਜ਼ੋਨ ਤੇ ਫਲਿੱਪਕਾਰਟ ਸਮੇਤ ਹੋਰ ਈ-ਕਾਮਰਸ ਪਲੇਟਫਾਰਮਾਂ ਤੇ ਆਨਲਾਈਨ ਪੋਰਟਲਾਂ ਨੂੰ ਪੰਜਾਬ ਵਿੱਚ ਪਟਾਕਿਆਂ ਦੇ ਆਨਲਾਈਨ ਆਰਡਰ ਸਵੀਕਾਰ ਕਰਨ ਜਾਂ ਉਨ੍ਹਾਂ ਦੀ ਆਨਲਾਈਨ ਵਿਕਰੀ ਦੀ ਸਹੂਲਤ ਦੇਣ ’ਤੇ ਪਾਬੰਦੀ ਲਗਾਈ ਗਈ ਹੈ। ਡੀਐੱਸਪੀ ਡਾ. ਸ਼ੀਤਲ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਿਰਫ਼ ਲਾਇਸੈਂਸਸ਼ੁਦਾ ਵਪਾਰੀਆਂ ਨੂੰ ਹੀ ਨਿਰਧਾਰਤ ਥਾਵਾਂ ’ਤੇ ਮਨਜ਼ੂਰਸ਼ੁਦਾ ਹਰੇ ਪਟਾਕੇ ਵੇਚਣ ਦੀ ਇਜਾਜ਼ਤ ਹੋਵੇਗੀ। ਜਾਇਜ਼ ਲਾਇਸੈਂਸ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਪਟਾਕੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲਾਇਸੈਂਸਸ਼ੁਦਾ ਵਪਾਰੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਨਿਰਧਾਰਤ ਡੈਸੀਬਲ ਸੀਮਾ ਤੋਂ ਵੱਧ ਆਵਾਜ਼ ਪੈਦਾ ਕਰਨ ਵਾਲੇ ਪਟਾਕਿਆਂ ਦਾ ਭੰਡਾਰਨ, ਪ੍ਰਦਰਸ਼ਨ ਜਾਂ ਵਿਕਰੀ ਨਾ ਕੀਤੀ ਜਾਵੇ।