ਮਾਡਰਨ ਜ਼ੇਲ੍ਹ ਵਿਚ ਬੰਦ ਹਵਾਲਾਤੀ ’ਤੇ ਬਲੇਡ ਨਾਲ ਹਮਲਾ, ਗੰਭੀਰ ਜ਼ਖ਼ਮੀ
ਮਾਡਰਨ ਜ਼ੇਲ੍ਹ ਵਿਚ ਬੰਦ ਹਵਾਲਾਤੀ ’ਤੇ ਬਲੇਡ ਨਾਲ ਹਮਲਾ, ਗੰਭੀਰ ਜ਼ਖ਼ਮੀ
Publish Date: Mon, 16 Feb 2026 08:55 PM (IST)
Updated Date: Mon, 16 Feb 2026 08:57 PM (IST)

--ਕੋਤਵਾਲੀ ਪੁਲਿਸ ਨੇ 4 ਖਿਲਾਫ਼ ਕੀਤਾ ਮਾਮਲਾ ਦਰਜ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਥੇਹ ਕਾਂਜਲਾ ਸਥਿਤ ਮਾਡਰਨ ਜ਼ੇਲ੍ਹ ਕਪੂਰਥਲਾ ਵਿਚ ਇਕ ਹਵਾਲਾਤੀ ’ਤੇ ਜ਼ੇਲ੍ਹ ਵਿਚ ਬੰਦ ਹਵਾਲਾਤੀਆਂ ਵੱਲੋਂ ਸਰਜੀਕਲ ਬਲੇਡ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸਨੂੰ ਲੈ ਕੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਗੰਭੀਰ ਜ਼ਖ਼ਮੀ ਹੋਏ ਹਵਾਲਾਤੀ ਦੇ ਬਿਆਨਾਂ ’ਤੇ 4 ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸਐੱਚਓ ਕੋਤਵਾਲੀ ਹਰਦੀਪ ਸਿੰਘ ਨੇ ਦੱਸਿਆ ਕਿ ਜ਼ੇਲ੍ਹ ਵਿਚ ਬੰਦ ਹਵਾਲਾਤੀ ਮੱਥੂ ਮੁਰਾਰੀ ਪੁੱਤਰ ਬਲਜੀਤ ਸਿੰਘ ਵਾਸੀ ਸ਼ਾਹਬਾਜਪੁਰ ਜ਼ਿਲ੍ਹਾ ਤਰਨਤਾਰਨ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਕਿਹਾ ਕਿ ਬੀਤੀ 14 ਫਰਵਰੀ ਨੂੰ ਸ਼ਾਮ 7:30 ਵਜੇ ਉਹ ਦਵਾਈ ਲੈਣ ਵਾਸਤੇ ਆਪਣੇ ਦੋਸਤ ਸੇਵਕ ਸਿੰਘ ਨਾਲ ਜ਼ੇਲ੍ਹ ਦੇ ਹਸਪਤਾਲ ਗਿਆ ਸੀ ਤੇ ਉਹ ਦੋਵੇਂ ਜ਼ੇਲ੍ਹ ਹਸਪਤਾਲ ਦੇ ਬਾਹਰ ਖੜ੍ਹੇ ਸੀ ਤਾਂ ਉਨ੍ਹਾਂ ਨੇੜੇ ਸੇਵਾ ਪੁੱਤਰ ਬਲਵਿੰਦਰ ਸਿੰਘ ਵਾਸੀ ਘੱਨੂੰਪੁਰਕੇ ਜ਼ਿਲ੍ਹਾ ਅੰਮ੍ਰਿਤਸਰ, ਹਰਪ੍ਰੀਤ ਸਿੰਘ ਪੁੱਤਰ ਸਤਵਿੰਦਰ ਸਿੰਘ ਵਾਸੀ ਪ੍ਰੇਮ ਨਗਰ ਅੰਮ੍ਰਿਤਸਰ, ਜਸਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਜਨਕ ਰਾਜ ਵਾਸੀ ਬਿਲਗਾ ਥਾਣਾ ਬਿਲਗਾ, ਜ਼ਿਲ੍ਹਾ ਜਲੰਧਰ ਤੇ ਰਮਨਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਮੁਰੀਦਕੇ, ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਬਟਾਲਾ ਵੀ ਖੜ੍ਹੇ ਸਨ। ਉਨ੍ਹਾਂ ਨੂੰ ਦੇਖ ਕੇ ਉਹ ਉਨ੍ਹਾਂ ਵੱਲ ਆ ਗਏ ਤੇ ਬਹਿਸਬਾਜ਼ੀ ਕਰਨ ਲੱਗ ਪਏ, ਜਿਸ ’ਤੇ ਸ਼ਿਵਾ ਅਤੇ ਹਰਪ੍ਰੀਤ ਨੇ ਆਪਣੇ ਹੱਥਾਂ ਵਿਚ ਫੜ੍ਹੇ ਸਰਜੀਕਲ ਬਲੇਡਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ ਤੇ ਬਾਕੀ ਦੋ ਸਾਥੀਆਂ ਨੇ ਉਸਨੂੰ ਫੜ੍ਹ ਲਿਆ ਤੇ ਕੁੱਟਮਾਰ ਕਰਦੇ ਹੋਏ ਉਸਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਐੱਸਐੱਚਓ ਹਰਦੀਪ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਉਨ੍ਹਾਂ ਨੂੰ ਜਲਦ ਹੀ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿਛ ਕੀਤੀ ਜਾਵੇਗੀ।