ਸਚਿਨ ਪਾਇਲਟ ਦੀ ਨਿਯੁਕਤੀ ’ਤੇ ਜੈਨਪੁਰ ਨੇ ਖੁਸ਼ੀ ਜਤਾਈ ਸਚਿਨ ਪਾਇਲਟ ਦੀ ਨਿਯੁਕਤੀ ਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੀਤ ਪ੍ਰਧਾਨ ਜੈਨਪੁਰ ਵੱਲੋਂ ਰਾਹੁਲ ਗਾਂਧੀ ਦਾ ਧੰਨਵਾਦ
Publish Date: Mon, 14 Sep 2026 08:35 PM (IST)
Updated Date: Mon, 14 Sep 2026 08:38 PM (IST)
ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਦੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਜੈਨਪੁਰ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਾਏ ਜਾਣ ਨਾਲ ਸੂਬੇ ਅੰਦਰ ਕਾਂਗਰਸ ਪਾਰਟੀ ਮਜ਼ਬੂਤ ਹੋਵੇਗੀ ਤੇ ਵਰਕਰਾਂ ਵਿੱਚ ਉਤਸ਼ਾਹ ਵਧੇਗਾ। ਸਚਿਨ ਪਾਇਲਟ ਦੀ ਨਿਯੁਕਤੀ ’ਤੇ ਕਾਂਗਰਸ ਹਾਈਕਮਾਂਡ ਤੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਦੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਜੈਨਪੁਰ ਨੇ ਕਿਹਾ ਕਿ ਸਚਿਨ ਪਾਇਲਟ ਦੀ ਪੰਜਾਬ ਨਾਲ ਡੂੰਘੀ ਸਾਂਝ ਹੈ ਤੇ ਉਹ ਪੰਜਾਬ ਦੀ ਸਿਆਸਤ ਨੂੰ ਨੇੜਿਓਂ ਜਾਣਦੇ ਹਨ। ਉਹ ਕਾਂਗਰਸ ਦੇ ਸਾਰੇ ਆਗੂਆਂ ਨੂੰ ਨਾਲ਼ ਕੇ ਚੱਲਣਗੇ, ਜਿਸ ਨਾਲ ਪੰਜਾਬ ਵਿੱਚ ਕਾਂਗਰਸ ਨੂੰ ਭਾਰੀ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੁੜ ਕਾਂਗਰਸ ਦੀ ਸਰਕਾਰ ਦੇਖਣਾ ਚਾਹੁੰਦੇ ਹਨ, ਜਿਸ ਲਈ ਉਨ੍ਹਾਂ ਨੇ ਮਨ ਬਣਾ ਲਿਆ ਹੈ ਕਿ ਉਹ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਭਾਰੀ ਸਮਰਥਨ ਦੇਣਗੇ। ਰਾਹੁਲ ਗਾਂਧੀ ਨਾਲ਼ ਮੁਲਾਕਾਤ ਕਰਨ ਤੋਂ ਬਾਅਦ ਜੈਨਪੁਰ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨਾਲ਼ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਬਾਰੇ ਚਰਚਾ ਕੀਤੀ ਤੇ ਕਿਹਾ ਕਿ ਐਂਤਕੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪਾਰਟੀ ਨੂੰ ਸਮਰਪਿਤ ਆਗੂਆਂ ਨੂੰ ਹੀ ਟਿਕਟ ਦਿੱਤੀ ਜਾਵੇਗੀ। ਇਸ ਮੌਕੇ ਜੈਨਪੁਰ ਨੇ ਰਾਹੁਲ ਗਾਂਧੀ ਨੂੰ ਵਿਸ਼ਵਾਸ ਦਿਵਾਇਆ ਕਿ ਪ੍ਰਵਾਸੀ ਪੰਜਾਬੀ ਕਾਂਗਰਸ ਪਾਰਟੀ ਨਾਲ਼ ਚਟਾਨ ਵਾਂਗ ਖ਼ੜੇ ਹਨ। ਜੈਨਪੁਰ ਨੇ ਕਿਹਾ ਕਿ ਉਹ ਹਲਕਾ ਸੁਲਤਾਨਪੁਰ ਲੋਧੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਜਲਦ ਹੀ ਹਲਕਾ ਨਿਵਾਸੀਆਂ ਨਾਲ਼ ਮੁਲਾਕਾਤ ਕਰਨਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇ ਪਾਰਟੀ ਨੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤਾ ਤਾਂ ਉਹ ਹਲਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੰਮ ਕਰਦਿਆਂ ਪਾਰਟੀ ਨੂੰ ਸੁਲਤਾਨਪੁਰ ਲੋਧੀ ਦੀ ਸੀਟ ਜਿੱਤ ਕੇ ਦੇਣਗੇ।