- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਡ ਖੇਤਰ ’ਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇੰਦਰਜੀਤ ਸਿੰਘ ਜੋਸਨ ਦਾ ਵੱਡਾ ਸਿਆਸੀ ਹਮਲਾ, ਪੁੱਛੇ ਤਿੱਖੇ ਸਵਾਲ

10-10 ਫੁੱਟ ਡੂੰਘੇ ਟੋਏ ਖੁਦ ਬਿਆਨ ਕਰ ਰਹੇ ਨੇ ਹਾਲਾਤ
ਕਿਸ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਸੀ ਨਾਜਾਇਜ਼ ਨਿਕਾਸੀ ਦਾ ਧੰਦਾ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਮੰਡ ਖੇਤਰ ਦੇ ਪਿੰਡ ਖਿਜਰਪੁਰ ਨੇੜੇ ਦਰਿਆ ਬਿਆਸ ਦੇ ਕੰਢੇ ਅਡਵਾਂਸ ਬੰਨ੍ਹ ਕੋਲ ਕਥਿਤ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੀ ਸਿਆਸਤ ਗਰਮਾ ਗਈ ਹੈ। ਮਾਈਨਿੰਗ ਵਿਭਾਗ ਦੀ ਫਲਾਇੰਗ ਸਕੁਐਡ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਰੇਤ ਨਾਲ ਭਰੇ 2 ਟਿੱਪਰ, 4 ਖਾਲੀ ਟਿੱਪਰ, ਇੱਕ ਪੋਕਲਾਈਨ ਮਸ਼ੀਨ ਤੇ ਕਰਾਹੇ ਵਾਲੇ ਟਰੈਕਟਰ ਦੀ ਬਰਾਮਦਗੀ ਨੇ ਜਿੱਥੇ ਮਾਈਨਿੰਗ ਗਤੀਵਿਧੀਆਂ ’ਤੇ ਸਵਾਲ ਖੜ੍ਹੇ ਕੀਤੇ ਹਨ, ਉੱਥੇ ਹੀ ਹੁਣ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪ੍ਰਸਿੱਧ ਕਬੱਡੀ ਪ੍ਰਮੋਟਰ ਇੰਦਰਜੀਤ ਸਿੰਘ ਜੋਸਨ ਨੇ ਵੀ ਸਬੰਧਤ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਸਵਾਲਾਂ ਦੀ ਝੜੀ ਲਗਾ ਦਿੱਤੀ ਹੈ। ਜੋਸਨ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਹਾ ਕਿ ਉੱਥੋਂ ਦੇ ਮੌਜੂਦਾ ਹਾਲਾਤ ਤੇ ਜ਼ਮੀਨ ਵਿੱਚ ਦਿਖਾਈ ਦੇ ਰਹੇ ਡੂੰਘੇ ਟੋਏ ਇਸ ਗੱਲ ਦੀ ਜਾਂਚ ਦੀ ਮੰਗ ਕਰਦੇ ਹਨ ਕਿ ਇੱਥੇ ਲੰਬੇ ਸਮੇਂ ਤੋਂ ਰੇਤ ਦੀ ਕਥਿਤ ਨਾਜਾਇਜ਼ ਨਿਕਾਸੀ ਹੁੰਦੀ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਇਸ ਤਰ੍ਹਾਂ ਵੱਡੇ ਪੱਧਰ ’ਤੇ ਰੇਤ ਕੱਢੀ ਜਾਂਦੀ ਰਹੀ ਹੈ ਤਾਂ ਸਰਕਾਰੀ ਮਾਲੀਏ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦੇ ਨਾਲ-ਨਾਲ ਕੁਦਰਤੀ ਵਾਤਾਵਰਣ ਤੇ ਕਿਸਾਨਾਂ ਦੀਆਂ ਜ਼ਮੀਨਾਂ ਲਈ ਵੀ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ।
ਉਨ੍ਹਾਂ ਸਵਾਲ ਕੀਤਾ ਕਿ ਜੇਕਰ ਮੌਕੇ ’ਤੇ ਇੰਨੀ ਵੱਡੀ ਗਿਣਤੀ ਵਿੱਚ ਵਾਹਨ ਤੇ ਭਾਰੀ ਮਸ਼ੀਨਰੀ ਮੌਜੂਦ ਸੀ ਤਾਂ ਇਸ ਪੂਰੇ ਮਾਮਲੇ ਦੀਆਂ ਪਰਤਾਂ ਖੋਲ੍ਹਣ ਦੀ ਬਜਾਏ ਜਾਂਚ ਨੂੰ ਸਿਰਫ਼ ਇੱਕ ਨਾਮਜ਼ਦ ਵਿਅਕਤੀ ਤੱਕ ਸੀਮਤ ਕਿਉਂ ਰੱਖਿਆ ਜਾ ਰਿਹਾ ਹੈ? ਉਨ੍ਹਾਂ ਮੰਗ ਕੀਤੀ ਕਿ ਕਥਿਤ ਮਾਈਨਿੰਗ ਦੇ ਪਿੱਛੇ ਕੰਮ ਕਰ ਰਹੇ ਪੂਰੇ ਨੈੱਟਵਰਕ, ਵਾਹਨਾਂ ਦੇ ਮਾਲਕਾਂ, ਮਸ਼ੀਨਰੀ ਦੇ ਮਾਲਕਾਂ ਤੇ ਇਸ ਕਾਰੋਬਾਰ ਤੋਂ ਕਥਿਤ ਤੌਰ ’ਤੇ ਲਾਭ ਲੈਣ ਵਾਲੇ ਲੋਕਾਂ ਦੀ ਪਛਾਣ ਕਰਕੇ ਸੱਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ।
ਜੋਸਨ ਨੇ ਕਿਹਾ ਕਿ ਮੌਕੇ ’ਤੇ ਦਿਖਾਈ ਦੇ ਰਹੇ ਡੂੰਘੇ ਟੋਇਆਂ ਨੂੰ ਦੇਖ ਕੇ ਇਹ ਜਾਣਨਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਇੱਥੇ ਰੇਤ ਕੱਢਣ ਦੀਆਂ ਗਤੀਵਿਧੀਆਂ ਕਦੋਂ ਸ਼ੁਰੂ ਹੋਈਆਂ ਤੇ ਕਿੰਨੇ ਸਮੇਂ ਤੱਕ ਚੱਲਦੀਆਂ ਰਹੀਆਂ। ਉਨ੍ਹਾਂ ਦੇ ਮੁਤਾਬਕ, ਜ਼ਮੀਨ ਦੀ ਮੌਜੂਦਾ ਹਾਲਤ ਨੂੰ ਦੇਖਦਿਆਂ ਇਸ ਗੱਲ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿ ਕਿੰਨੇ ਖੇਤਰ ਵਿੱਚੋਂ ਰੇਤ ਕੱਢੀ ਗਈ ਤੇ ਇਸ ਨਾਲ ਵਾਤਾਵਰਣ ਤੇ ਦਰਿਆਈ ਖੇਤਰ ਦੀ ਭੂਗੋਲਿਕ ਸਥਿਤੀ ’ਤੇ ਕੀ ਅਸਰ ਪਿਆ ਹੈ। ਉਨ੍ਹਾਂ ਤੰਜ ਕੱਸਦਿਆਂ ਸਵਾਲ ਕੀਤਾ ਕਿ ਜੇਕਰ ਇੱਥੇ ਕਥਿਤ ਤੌਰ ’ਤੇ ਇੰਨੇ ਵੱਡੇ ਪੱਧਰ ’ਤੇ ਰੇਤ ਕੱਢੀ ਜਾਂਦੀ ਰਹੀ ਤਾਂ ਕੀ ਕਿਸੇ ਨੂੰ ਇਸ ਦੀ ਭਿਣਕ ਨਹੀਂ ਪਈ? ਕੀ ਭਾਰੀ ਮਸ਼ੀਨਰੀ ਤੇ ਟਿੱਪਰਾਂ ਦੀ ਆਵਾਜਾਈ ਕਿਸੇ ਦੀ ਨਜ਼ਰ ਵਿੱਚ ਨਹੀਂ ਆਈ? ਕੀ ਇਲਾਕੇ ਵਿੱਚ ਨਿਗਰਾਨੀ ਤੇ ਗਸ਼ਤ ਦੇ ਪ੍ਰਬੰਧ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਸਨ? ਇਸ ਮੌਕੇ ਸਰਪੰਚ ਮਨਜੀਤ ਸਿੰਘ ਗੋਲਡੀ ਜੋਸ਼ਨ ਡੌਲਾ, ਕਬੱਡੀ ਕੋਚ ਬਿੱਕਾ ਤਲਵੰਡੀ, ਬਲਵਿੰਦਰ ਸਿੰਘ ,ਅਮਨਦੀਪ ਸਿੰਘ ,ਪਰਮਜੀਤ ਸਿੰਘ ਆਦਿ ਮੌਜੂਦ ਸਨ।
ਅਡਵਾਂਸ ਬੰਨ੍ਹ ਦੀ ਸੁਰੱਖਿਆ ’ਤੇ ਖਤਰੇ ਦਾ ਖਦਸ਼ਾ, ਕਿਸਾਨਾਂ ਦੀਆਂ ਜ਼ਮੀਨਾਂ ਦਾ ਕੀ ਬਣੇਗਾ
ਇਸ ਮਾਮਲੇ ਦਾ ਸਭ ਤੋਂ ਚਿੰਤਾਜਨਕ ਪਹਿਲੂ ਦਰਿਆ ਬਿਆਸ ਦੇ ਬਿਲਕੁਲ ਨਾਲ ਲੱਗਦੇ ਅਡਵਾਂਸ ਬੰਨ੍ਹ ਤੇ ਆਸ-ਪਾਸ ਦੀਆਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਦੀ ਸੁਰੱਖਿਆ ਹੈ। ਜੋਸਨ ਨੇ ਖਦਸ਼ਾ ਜਤਾਇਆ ਕਿ ਜੇਕਰ ਦਰਿਆ ਦੇ ਕੰਢੇ ਨੇੜੇ ਵੱਡੇ ਪੱਧਰ ’ਤੇ ਰੇਤ ਕੱਢੀ ਗਈ ਹੈ ਤਾਂ ਇਸ ਨਾਲ ਜ਼ਮੀਨ ਦੀ ਉਚਾਈ ਤੇ ਬਣਤਰ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਮੁਤਾਬਕ, ਮੌਕੇ ’ਤੇ ਜ਼ਮੀਨ ਦਾ ਪੱਧਰ ਦਰਿਆ ਦੇ ਪੱਧਰ ਨਾਲੋਂ ਨੀਵਾਂ ਦਿਖਾਈ ਦੇਣ ਦਾ ਦਾਅਵਾ ਗੰਭੀਰਤਾ ਨਾਲ ਜਾਂਚਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਬੰਨ੍ਹ ਤੇ ਨੇੜਲੀਆਂ ਜ਼ਮੀਨਾਂ ’ਤੇ ਦਬਾਅ ਵਧਣ ਦਾ ਖਤਰਾ ਪੈਦਾ ਹੋ ਸਕਦਾ ਹੈ। ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਣ, ਖੇਤੀਬਾੜੀ ਵਾਲੀ ਜ਼ਮੀਨ ਦਰਿਆ ਦੀ ਮਾਰ ਹੇਠ ਆਉਣ ਤੇ ਲੋਕਾਂ ਨੂੰ ਆਰਥਿਕ ਨੁਕਸਾਨ ਝੱਲਣ ਦਾ ਖਦਸ਼ਾ ਬਣ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਤਕਨੀਕੀ ਤੇ ਮਾਈਨਿੰਗ ਵਿਭਾਗਾਂ ਦੇ ਮਾਹਿਰਾਂ ਦੀ ਟੀਮ ਮੌਕੇ ਦੀ ਜਾਂਚ ਕਰੇ। ਜ਼ਮੀਨ ਦੀ ਉਚਾਈ, ਰੇਤ ਦੀ ਨਿਕਾਸੀ ਦੀ ਮਾਤਰਾ, ਬੰਨ੍ਹ ਤੋਂ ਦੂਰੀ ਤੇ ਸੰਭਾਵੀ ਨੁਕਸਾਨ ਦਾ ਵਿਗਿਆਨਕ ਮੁਲਾਂਕਣ ਕੀਤਾ ਜਾਵੇ, ਤਾਂ ਜੋ ਕਿਸੇ ਵੀ ਸੰਭਾਵੀ ਖਤਰੇ ਨੂੰ ਸਮੇਂ ਸਿਰ ਰੋਕਿਆ ਜਾ ਸਕੇ।
“ਚਿੱਟੀ ਰੇਤ ਵਿੱਚੋਂ ਕਾਲੀ ਕਮਾਈ ਕਰਨ ਵਾਲੇ ਅਸਲ ਲੋਕ ਕੌਣ”
ਇੰਦਰਜੀਤ ਸਿੰਘ ਜੋਸਨ ਨੇ ਤਿੱਖਾ ਸਵਾਲ ਕਰਦਿਆਂ ਕਿਹਾ ਕਿ ਜੇਕਰ ਜਾਂਚ ਵਿੱਚ ਨਾਜਾਇਜ਼ ਮਾਈਨਿੰਗ ਸਾਬਤ ਹੁੰਦੀ ਹੈ ਤਾਂ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਚਿੱਟੀ ਰੇਤ ਦੀ ਆੜ ਵਿੱਚ ਕਥਿਤ ਤੌਰ ’ਤੇ ਕਾਲੀ ਕਮਾਈ ਕਰਨ ਵਾਲੇ ਅਸਲ ਲੋਕ ਕੌਣ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਅਜਿਹੇ ਮਾਮਲੇ ਵਿੱਚ ਸਿਰਫ਼ ਮੌਕੇ ’ਤੇ ਮੌਜੂਦ ਚਾਲਕਾਂ ਤੱਕ ਜਾਂਚ ਸੀਮਤ ਨਹੀਂ ਰਹਿਣੀ ਚਾਹੀਦੀ; ਇਸ ਦੇ ਪਿੱਛੇ ਪੈਸਾ ਲਗਾਉਣ ਵਾਲਿਆਂ, ਵਾਹਨਾਂ ਦੇ ਮਾਲਕਾਂ ਤੇ ਕਥਿਤ ਤੌਰ ’ਤੇ ਕਾਰੋਬਾਰ ਚਲਾਉਣ ਵਾਲਿਆਂ ਦੀ ਭੂਮਿਕਾ ਵੀ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪੂਰੇ ਘਟਨਾਕ੍ਰਮ ਪਿੱਛੇ ਸਿਆਸੀ ਸਰਪ੍ਰਸਤੀ ਹੋਣ ਦੇ ਸ਼ੱਕ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਇਸ ਕਥਿਤ ਗਤੀਵਿਧੀ ਨੂੰ ਕਿਸੇ ਦਾ ਸਿਆਸੀ ਜਾਂ ਪ੍ਰਸ਼ਾਸਕੀ ਸਹਾਰਾ ਹਾਸਲ ਸੀ? ਜੇਕਰ ਅਜਿਹਾ ਕੋਈ ਸਬੂਤ ਸਾਹਮਣੇ ਆਉਂਦਾ ਹੈ ਤਾਂ ਸਬੰਧਤ ਵਿਅਕਤੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ।