ਜੀਡੀਆਰ ’ਚ ਨੇ ਮਨਾਇਆ ਸੁਤੰਤਰਤਾ ਦਿਹਾੜਾ ਜੀ.ਡੀ.ਆਰ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਸੁਤੰਤਰਤਾ ਦਿਹਾੜਾ
Publish Date: Fri, 14 Aug 2026 06:48 PM (IST)
Updated Date: Fri, 14 Aug 2026 06:50 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਆਜ਼ਾਦੀ ਦਿਵਸ ਸੁਤੰਤਰਤਾ ਦਿਹਾੜਾ ਸਮਾਰੋਹ ਬੜੇ ਹੀ ਉਤਸ਼ਾਹ, ਦੇਸ਼ ਭਗਤੀ ਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਮੂਹ ਕੈਂਪਸ ਨੂੰ ਤਿਰੰਗੇ ਤੇ ਆਕਰਸ਼ਕ ਸਜਾਵਟ ਨਾਲ ਸਜਾਇਆ ਗਿਆ। ਸਮਾਰੋਹ ਦਾ ਆਯੋਜਨ ਮੈਰੀਗੋਲਡ ਹਾਊਸ ਦੀ ਇੰਚਾਰਜ ਮੈਡਮ ਬਲਜੀਤ ਕੌਰ ਦੀ ਦੇਖ-ਰੇਖ ਹੇਠ ਕੀਤਾ ਗਿਆ। ਪ੍ਰੋਗਰਾਮ ਦਾ ਸ਼ੁਭ ਆਰੰਭ ਪ੍ਰਿੰਸੀਪਲ ਮੈਡਮ ਮਾਧਵੀ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਨਾਲ ਹੋਇਆ। ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਰਾਹੀਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਤੋਂ ਬਾਅਦ ਪ੍ਰਾਰਥਨਾ ਸਭਾ ਕਰਵਾਈ ਗਈ ਤੇ ਪ੍ਰਿੰਸੀਪਲ ਮੈਡਮ ਮਾਧਵੀ ਵੱਲੋਂ ਜੋਤੀ ਪ੍ਰਜਵਲਿਤ ਕਰਕੇ ਸਮਾਰੋਹ ਦਾ ਰਸਮੀ ਉਦਘਾਟਨ ਕੀਤਾ ਗਿਆ। ਕਲਾਸ ਗਿਆਰ੍ਹਵੀਂ ਦੀ ਵਿਦਿਆਰਥਣ ਜਸਕੀਰਤ ਕੌਰ ਨੇ ਦੇਸ਼-ਭਗਤੀ ਦੀ ਕਵਿਤਾ ਸੁਣਾਈ। ਇਸ ਉਪਰੰਤ ਕਲਾਸ ਨੌਵੀਂ ਦੀ ਵਿਦਿਆਰਥਣ ਪ੍ਰਿਯੰਕਾ ਨੇ ਸੁਤੰਤਰਤਾ ਦਿਵਸ ਦੀ ਮਹੱਤਤਾ ਬਾਰੇ ਵਿਚਾਰ ਭਾਸ਼ਣ ਰਾਹੀਂ ਸਾਂਝੇ ਕੀਤੇ। ਸਮਾਰੋਹ ਦੌਰਾਨ ਦੇਸ਼ ਦੀ ਆਜ਼ਾਦੀ ਤੇ ਭਾਰਤੀ ਸੈਨਾ ਦੀ ਵੀਰਤਾ ਨੂੰ ਦਰਸਾਉਂਦੀ ਮਨਮੋਹਕ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਆਜ਼ਾਦੀ ਸੰਗਰਾਮ ਦੌਰਾਨ ਸ਼ਹੀਦ ਹੋਏ ਵੱਖ-ਵੱਖ ਧਰਮਾਂ ਦੇ ਮਹਾਨ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰੋਗਰਾਮ ਦੇ ਮੰਚ ਸੰਚਾਲਨ ਦੀ ਭੂਮਿਕਾ ਅਧਿਆਪਕ ਆਮਿਰ ਖਾਨ, ਕਲਾਸ ਗਿਆਰਵੀਂ ਦੀ ਕਿਰਨਜੋਤ ਕੌਰ ਤੇ ਪ੍ਰਭਪੁਨੀਤ ਵੱਲੋਂ ਬਾਖੂਬੀ ਨਿਭਾਈ ਗਈ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਮ ਮਾਧਵੀ ਜੀ ਵੱਲੋਂ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਆਜ਼ਾਦੀ ਦਿਵਸ ਨੂੰ ਹੋਰ ਵੀ ਖਾਸ ਬਣਾਉਣ ਲਈ ਸਕੂਲ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਕਲਾਸ ਬਾਰ੍ਹਵੀਂ ਦੇ ਵਿਦਿਆਰਥੀਆਂ ਵੱਲੋਂ ਸਕੂਲ ਕੈਂਪਸ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ। ਅੰਤਰ-ਸਦਨੀ ਰੰਗੋਲੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਸਕੂਲ ਦੇ ਚਾਰ ਹਾਊਸਾਂ ਦੇ ਵਿਦਿਆਰਥੀਆਂ ਨੇ ਸੁੰਦਰ ਅਤੇ ਆਕਰਸ਼ਕ ਰੰਗੋਲੀਆਂ ਬਣਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਜੈਸਮਿਨ ਹਾਊਸ ਨੇ ਪਹਿਲਾ ਸਥਾਨ ਹਾਸਲ ਕਰਕੇ ਜਿੱਤ ਦਰਜ ਕੀਤੀ। ਨਰਸਰੀ ਤੋਂ ਯੂਕੇਜੀ ਤੱਕ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਕਾਗਜ਼ ਨਾਲ ਸੁੰਦਰ ਤਿਰੰਗੇ ਤਿਆਰ ਕੀਤੇ, ਜਦਕਿ ਕਲਾਸ ਪਹਿਲੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਚਿੰਨ੍ਹਾਂ ਨੂੰ ਚਿੱਤਰਿਤ ਕਰਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।